ਚੰਡੀਗੜ੍ਹ : ਯੂਨੈਸਕੋ ਵਲੋਂ ਭਵਿੱਖੀ ਸਿੱਖਿਆ ਬਾਰੇ ਦੱਖਣੀ ਕੋਰੀਆ ਦੇ ਜੀਂਉਗੀ ਡੂ ਸ਼ਹਿਰ ਦੇ ਸੁਵਾਨ ਕਨਵੈਨਸ਼ਨ ਸੈਂਟਰ ਵਿਖੇ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਕਨਵੈਨਸ਼ਨ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀਕਾਰੀ ਉਪਰਾਲਿਆਂ ਬਾਰੇ ਚਾਨਣਾ ਪਾਉਦੇ ਕਿਹਾ ਕਿ ਆਲਮੀ ਪੱਧਰ ’ਤੇ ਪੈਦਾ ਹੋ ਰਹੀਆਂ ਚੁਣੌਤੀਆਂ ਦਾ ਹੱਲ ਸਿੱਖਿਆ ਦੇ ਖੇਤਰ ਵਿੱਚ ਨਿਵੇਕਲੀਆਂ ਤਬਦੀਲੀਆਂ ਨਾਲ ਹੀ ਕੱਢਿਆ ਜਾ ਸਕਦਾ ਹੈ ਅਤੇ ਸਾਡੀ ਸਰਕਾਰ ਇਸੇ ਦਿਸ਼ਾ ਵਿਚ ਕੰਮ ਕਰ ਰਹੀ ਹੈ ।ਕਾਨਫਰੰਸ ਦੌਰਾਨ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਬੁਨਿਆਦੀ ਢਾਂਚਾ ਵਿਕਾਸ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਵਿਦਿਅਕ ਵਾਤਾਵਰਣ ਦੀ ਸਿਰਜਣਾ ਨੂੰ ਹੋਰ ਮਜ਼ਬੂਤ ਕਰਨ ’ਤੇ ਧਿਆਨ ਕੇਂਦਿ੍ਰਤ ਕੀਤਾ ਗਿਆ ਹੈ, ਜਿਸ ਵਿੱਚ ਹਜ਼ਾਰਾਂ ਨਵੇਂ ਕਲਾਸ ਰੂਮਾਂ ਦੀ ਉਸਾਰੀ, ਸਕੂਲ ਸੁਰੱਖਿਆ ਲਈ ਚਾਰਦੀਵਾਰੀ ਬਣਾਉਣਾ, ਵਿਦਿਆਰਥੀਆਂ ਨੂੰ ਬੱਸ ਸੇਵਾਵਾਂ ਪ੍ਰਦਾਨ ਕਰਨਾ, ਸਕੂਲਾਂ ਵਿੱਚ ਵਾਈ-ਫਾਈ ਲਗਾਉਣਾ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਗਾਰਡਾਂ ਨੂੰ ਤਾਇਨਾਤ ਕਰਨਾ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਦਿਅਕ ਰਣਨੀਤੀ ਅਧਿਆਪਕਾਂ ਦੇ ਸਸ਼ਕਤੀਕਰਨ ਅਤੇ ਆਲਮੀ ਪੱਧਰ ’ਤੇ ਸਿਖਲਾਈ ’ਤੇ ਕੇਂਦਰਿਤ ਹੈ। ਸੂਬੇ ਵੱਲੋਂ ਸਿਖਿਅਕਾਂ ਨੂੰ ਪ੍ਰਮੁੱਖ ਗਲੋਬਲ ਸੰਸਥਾਵਾਂ ਵਿੱਚ ਭੇਜਦੇ ਹੋਏ ਵਿਸਥਾਰਤ ਅਧਿਆਪਕ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ।ਪਿ੍ਰੰਸੀਪਲਾਂ ਨੂੰ ਸਿੰਗਾਪੁਰ ਪਿ੍ਰੰਸੀਪਲ ਅਕੈਡਮੀ ਵਿੱਚ ਸਿਖਲਾਈ ਦਿੱਤੀ ਗਈ ਹੈ, ਜਦੋਂ ਕਿ ਐਲੀਮੈਂਟਰੀ ਅਧਿਆਪਕਾਂ ਨੇ ਫਿਨਲੈਂਡ ਦੇ ਪ੍ਰਸਿੱਧ ਸਿੱਖਿਆ ਮਾਡਲ ਤਹਿਤ ਵਿਸ਼ੇਸ਼ ਸਿਖਲਾਈ ਲਈ ਹੈ, ਜਿਸ ਸਦਕਾ ਪੰਜਾਬ ਦੇ ਸਕੂਲਾਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨੀ ਸ਼ੁਰੂ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਰਵਾਇਤੀ ਵਿਦਿਅਕ ਢਾਂਚੇ ਤੋਂ ਉਭਰ ਕੇ ਨਵੇਂ ਸਿੱਖਿਆ ਸਿਧਾਤਾਂ ਨੂੰ ਪੇਸ਼ ਕੀਤਾ ਹੈ। ‘ਸਕੂਲ ਆਫ਼ ਐਮੀਨੈਂਸ’ ਪੇਸ਼ੇਵਰ ਸਿਖਲਾਈ ’ਤੇ ਕੇਂਦ੍ਰਤ ਹਨ, ਜਦੋਂ ਕਿ ‘ਸਕੂਲ ਆਫ਼ ਅਪਲਾਈਡ ਲਰਨਿੰਗ’ ਕਿੱਤਾਮੁਖੀ ਹੁਨਰਾਂ ’ਤੇ ਅਧਾਰਤ ਹੈ ਅਤੇ ‘ਸਕੂਲ ਆਫ਼ ਹੈਪੀਨੈਸ’ ਵਿਲੱਖਣ ਬਾਲ-ਮਨੋਵਿਗਿਆਨ-ਅਧਾਰਤ ਸਿੱਖਣ ਪਹੁੰਚ ਨੂੰ ਦਰਸਾਉਦਾ ਹੈ ਜੋ ਨਵੇਂ ਯੁੱਗ ਦੀ ਸਿੱਖਿਆ ਨੀਤੀ ਦੇ ਵਿਦਿਅਕ ਅਨੁਭਵਾਂ ਲਈ ਤਿਆਰ ਕੀਤਾ ਗਿਆ ਹੈ।ਸਿੱਖਿਆ ਅਕਾਦਮਿਕ ਸਿੱਖਿਆ ਤੋਂ ਪਰੇ ਹੈ, ਇਸ ਗੱਲ ’ਤੇ ਜ਼ੋਰ ਦਿੰਦਿਆਂ ਬੈਂਸ ਨੇ ਇੱਕ ਡੂੰਘੇ ਫਲਸਫੇ ਨੂੰ ਬਿਆਨ ਕੀਤਾ, ਜਿਸ ਵਿੱਚ ਸਿੱਖਿਆ ਸਬੰਧੀ ਵਿਸ਼ਵਵਿਆਪੀ ਚੁਣੌਤੀਆਂ ਜਿਵੇਂ ਕਿ ਜਲਵਾਯੂ ਤਬਦੀਲੀ, ਅੱਤਵਾਦ ਅਤੇ ਸਮਾਜਿਕ ਅਸਮਾਨਤਾਵਾਂ ਨੂੰ ਹੱਲ ਕਰਨ ਲਈ ਇੱਕ ਵਿਆਪਕ ਪਹੁੰਚ ਦਰਸਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਸਪੱਸ਼ਟ ਹੈ ਜੋ ਇਹ ਯਕੀਨੀ ਬਣਾਉਦਾ ਹੈ ਕਿ ਕੋਈ ਵੀ ਬੱਚਾ ਸਿੱਖਿਆ ਲੈਣ ਲਈ ਵਾਂਝਾ ਨਾ ਰਹੇ ਅਤੇ ਹਰੇਕ ਬੱਚੇ ਦੀ ਗੁਣਵੱਤਾ ਵਾਲੀ ਸਿੱਖਿਆ ਤੱਕ ਪਹੁੰਚ ਹੋਵੇ, ਜੋ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੀ ਹੈ।



