ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੀ ਕਾਰਜਕਾਰਨੀ ਤੇ ਕੌਂਸਲ ਮੀਟਿੰਗ 14-15 ਦਸੰਬਰ ਦਿਨ ਸ਼ਨੀਵਾਰ-ਐਤਵਾਰ ਨੂੰ ਪਾਰਟੀ ਦਫਤਰ, ਅਜੈ ਭਵਨ, ਚੰਡੀਗੜ੍ਹ ਵਿਖੇ ਹੋਵੇਗੀ। 14 ਦਸੰਬਰ ਨੂੰ ਠੀਕ 11 ਵਜੇ ਸਕੱਤਰੇਤ, 2 ਵਜੇ ਐਗਜ਼ੈਕਟਿਵ ਅਤੇ ਸ਼ਾਮ 4 ਵਜੇ ਕੌਂਸਲ ਮੀਟਿੰਗ ਸ਼ੁਰੂ ਹੋ ਕੇ ਅਗਲੇ ਦਿਨ 15 ਦਸੰਬਰ ਦੁਪਹਿਰ 3 ਵਜੇ ਤੱਕ ਸਮਾਪਤ ਹੋ ਜਾਵੇਗੀ। ਕੇਂਦਰ ਵੱਲੋਂ ਡੀ ਰਾਜਾ ਜਨਰਲ ਸਕੱਤਰ, ਅਮਰਜੀਤ ਕੌਰ ਤੇ ਡਾ. ਬਾਲਾਚੰਦਰਨ ਕਾਂਗੋ ਸ਼ਾਮਲ ਹੋਣਗੇ।
ਪੰਜ ਮੈਡੀਕਲ ਵਿਦਿਆਰਥੀਆਂ ਦੀ ਮੌਤ
ਅਲਾਪੁਜਾ : ਕੇਰਲ ’ਚ ਸਾਹਿਲੀ ਜ਼ਿਲ੍ਹੇ ਦੇ ਪੰਜ ਮੈਡੀਕਲ ਵਿਦਿਆਰਥੀਆਂ ਲਈ ਸੈਰ-ਸਪਾਟੇ ਦੀ ਇੱਕ ਰਾਤ ਤ੍ਰਾਸਦੀ ਵਿੱਚ ਬਦਲ ਗਈ, ਜੋ ਸੜਕ ਹਾਦਸੇ ’ਚ ਮਾਰੇ ਗਏ। ਇਹ ਵਿਦਿਆਰਥੀ ਇੱਥੋਂ ਦੇ ਵੰਦਨਮ ਸਰਕਾਰੀ ਮੈਡੀਕਲ ਕਾਲਜ ’ਚ ਐੱਮ ਬੀ ਬੀ ਐੱਸ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸਨ।ਉਹ ਸੋਮਵਾਰ ਰਾਤ ਨੂੰ ਜਿਸ ਕਾਰ ਵਿੱਚ ਸੈਰ-ਸਪਾਟੇ ਪਿੱਛੋਂ ਪਰਤ ਰਹੇ ਸਨ, ਉਸ ਦੀ ਕੇਰਲ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਨਾਲ ਟੱਕਰ ਹੋ ਗਈ।ਹਾਦਸੇ ਵਿਚ ਛੇ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।ਇਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਦੇ ਘੰਟਿਆਂ ਬਾਅਦ ਵੀ ਮਦਦ ਲਈ ਪੁਕਾਰ ਰਹੇ ਪੀੜਤਾਂ ਦੀਆਂ ਚੀਕਾਂ ਦਿਲ ਦਹਿਲਾਉਣ ਵਾਲੀਆਂ ਸਨ।
ਗਾਂਦਰਬਲ ਹਮਲੇ ਦਾ ਸਾਜ਼ਿਸ਼ਘਾੜਾ ਮਾਰਿਆ ਗਿਆ
ਸ੍ਰੀਨਗਰ : ਜੰਮੂ-ਕਸ਼ਮੀਰ ਪੁਲਸ ਨੇ ਮੰਗਲਵਾਰ ਲਸ਼ਕਰ ਏ ਤੋਇਬਾ ਦੇ ਅੱਤਵਾਦੀ ਜੁਨੈਦ ਅਹਿਮਦ ਭੱਟ ਨੂੰ ਇੱਕ ਮੁਕਾਬਲੇ ’ਚ ਢੇਰ ਕਰ ਦਿੱਤਾ। ਜੁਨੈਦ ਹਾਲ ਹੀ ’ਚ ਗਾਂਦਰਬਲ ਅਤੇ ਗਗਨਗੀਰ ’ਚ ਨਾਗਰਿਕਾਂ ਦੀ ਹੱਤਿਆ ਸਮੇਤ ਕਈ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਸੀ। ਦਾਚੀਗਾਮ ਦੇ ਉਪਰਲੇ ਖੇਤਰਾਂ ’ਚ ਪੁਲਸ ਅਤੇ ਫੌਜ ਵੱਲੋਂ ਚਲਾਏ ਸੰਯੁਕਤ ਅਪ੍ਰੇਸ਼ਨ ’ਚ ਜੁਨੈਦ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਅਕਤੂਬਰ ’ਚ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਨੇ ਗਾਂਦਰਬਲ ਜ਼ਿਲ੍ਹੇ ’ਚ ਇੱਕ ਨਿਰਮਾਣ ਕੰਪਨੀ ਦੇ ਮਜ਼ਦੂਰਾਂ ਅਤੇ ਇੱਕ ਡਾਕਟਰ ’ਤੇ ਹਮਲਾ ਕੀਤਾ ਸੀ, ਜੋ ਪਿਛਲੇ ਤਿੰਨ ਦਹਾਕਿਆਂ ’ਚ ਇਸ ਖੇਤਰ ਵਿੱਚ ਮਜ਼ਦੂਰਾਂ ’ਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਸ ਹਮਲੇ ’ਚ ਛੇ ਮਜ਼ਦੂਰਾਂ ਅਤੇ ਇੱਕ ਡਾਕਟਰ ਦੀ ਮੌਤ ਹੋ ਗਈ ਸੀ।