ਸੁਖਬੀਰ ਬਾਦਲ ’ਤੇ ਕਾਤਲਾਨਾ ਹਮਲੇ ਪਿਛਲੀ ਸਾਜ਼ਿਸ਼ ਦੀ ਉੱਚ ਪੱਧਰੀ ਜਾਂਚ ਕਰਾਓ : ਸੀ ਪੀ ਆਈ

0
170

ਚੰਡੀਗੜ੍ਹ : ਸੀ ਪੀ ਆਈ ਦੀ ਪੰਜਾਬ ਇਕਾਈ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਉਤੇ ਹੋਏ ਕਾਤਲਾਨਾ ਹਮਲੇ ਦੀ ਕੋਸ਼ਿਸ਼ ਦੀ ਸਖਤ ਨਿਖੇਧੀ ਕੀਤੀ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਸਾਬਕਾ ਵਿਧਾਇਕ ਨੇ ਸਾਂਝਾ ਬਿਆਨ ਜਾਰੀ ਕਰਕੇ ਅਕਾਲੀ ਦਲ ਦੇ ਚੋਟੀ ਦੇ ਆਗੂ ਸੁਖਬੀਰ ਸਿੰਘ ਬਾਦਲ ਉਤੇ ਕੀਤੇ ਗਏ ਇਸ ਹਮਲੇ ਦੀ ਸਖਤ ਨਿੰਦਿਆ ਕਰਦਿਆਂ ਇਸ ਨੂੰ ਪੰਜਾਬ ਦੇ ਅਮਨ ਨੂੰ ਫਿਰ ਅੱਗ ਲਾਉਣ ਦੀ ਨਿਖੇਧੀਜਨਕ ਸਾਜ਼ਿਸ਼ ਕਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਜ਼ਾਦੀ ਲਹਿਰ ਵਿਚ ਵੱਡੀ ਭੂਮਿਕਾ ਨਿਭਾਈ ਹੈ, ਅੱਜ ਵੀ ਆਪਣੀਆਂ ਕਮੀਆਂ-ਕਮਜ਼ੋਰੀਆਂ ਦੇ ਬਾਵਜੂਦ ਪੰਜਾਬ ਦੀ ਏਕਤਾ, ਸਾਂਝੀਵਾਲਤਾ ਤੇ ਵਿਕਾਸ ਲਈ ਇਸ ਦੀ ਵੱਡੀ ਅਹਿਮੀਅਤ ਹੈ।
ਸਾਥੀ ਬਰਾੜ ਅਤੇ ਸਾਥੀ ਅਰਸ਼ੀ ਨੇ ਪੰਜਾਬ ਦੀ ਵਿਗੜੀ ਹੋਈ ਅਮਨ-ਕਾਨੂੰਨ ਦੀ ਹਾਲਤ ਲਈ ਵੇਲੇ ਦੀ ਮਾਨ ਸਰਕਾਰ ਦੀ ਅਸਫਲਤਾ ਨੂੰ ਜ਼ਿੰਮੇਵਾਰ ਆਖਿਆ, ਜਿਸ ਕੋਲ ਅਜੇ ਡੀ ਜੀ ਪੀ ਵੀ ਕੰਮ-ਚਲਾਊ ਹੈ। ਸਰਕਾਰ ਸੁਚਾਰੂ ਪ੍ਰਸ਼ਾਸਨ, ਅਮਨ-ਕਾਨੂੰਨ, ਰੁਜ਼ਗਾਰ, ਕੁਰੱਪਸ਼ਨ ਆਦਿ ਸਭ ਮਸਲਿਆਂ ਉਤੇ ਫੇਲ੍ਹ ਸਾਬਤ ਹੋ ਰਹੀ ਹੈ। ਦੋਵਾਂ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨੂੰ ਕੋਈ ਜਾਨੀ ਨੁਕਸਾਨ ਨਾ ਹੋ ਸਕਣ ’ਤੇ ਤਸੱਲੀ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਨਾਲ ਹੀ ਇਸ ਕਾਤਲਾਨਾ ਹਮਲੇ ਪਿੱਛੇ ਕੰਮ ਕਰਦੀ ਗਹਿਰੀ ਸਾਜ਼ਿਸ਼ ਦੀ ਉੱਚ-ਪੱਧਰੀ ਜਾਂਚ ਕਰਾਉਣ ਅਤੇ ਅਪਰਾਧੀ ਸ਼ਕਤੀਆਂ ਦੇ ਮਨਸੂਬਿਆਂ ਨੂੰ ਅਸਫਲ ਕਰਨ ਦੀ ਮੰਗ ਕੀਤੀ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਮਨ ਕਾਇਮ ਰੱਖਣ ਅਤੇ ਦੋਖੀ ਤਾਕਤਾਂ ਦੇ ਘਿਨਾਉਣੇ ਮਨਸੂਬਿਆਂ ਨੂੰ ਮਿੱਟੀ ਵਿਚ ਮਿਲਾਉਣ ਦੀ ਅਪੀਲ ਕੀਤੀ ਹੈ।