ਅੰਮਿ੍ਰਤਸਰ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ ਬੁੱਧਵਾਰ ਵਾਲ-ਵਾਲ ਬਚ ਗਏ, ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਹਿਰੇਦਾਰ ਦੀ ਸੇਵਾ ਨਿਭਾਉਦਿਆਂ ਉਨ੍ਹਾ ਨੂੰ ਇੱਕ ਵਿਅਕਤੀ ਨੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਕੋਲ ਖੜ੍ਹੇ ਸੁਰੱਖਿਆ ਕਰਮੀ ਨੇ ਹਮਲਾਵਰ ਨੂੰ ਪਿਸਤੌਲ ਤਾਣਦਿਆਂ ਦੇਖ ਝਪਟਾ ਮਾਰਿਆ ਤੇ ਪਿਸਤੌਲ ਵਾਲਾ ਹੱਥ ਉੱਤੇ ਹੋ ਜਾਣ ਕਾਰਨ ਗੋਲੀ ਉੱਤੇ ਨੂੰ ਚੱਲਣ ਨਾਲ ਨਿਸ਼ਾਨਾ ਖੁੰਝ ਗਿਆ। ਏਨੇ ਨੂੰ ਹੋਰ ਸੁਰੱਖਿਆ ਕਰਮੀ ਤੇ ਸੇਵਾਦਾਰ ਇਕੱਠੇ ਹੋ ਗਏ। ਗੋਲੀ ਮਾਰਨ ਆਇਆ ਅਕਾਲ ਫੈਡਰੇਸ਼ਨ ਦਾ ਆਗੂ ਨਰਾਇਣ ਸਿੰਘ ਚੌੜਾ ਸੀ, ਜੋ ਕਿ ਪਹਿਲਾਂ ਵੀ ਕੁਝ ਮਾਮਲਿਆਂ ’ਚ ਜੇਲ੍ਹ ’ਚ ਰਹਿ ਚੁੱਕਾ ਹੈ।
ਸ੍ਰੀ ਅਕਾਲ ਤਖਤ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਪਹਿਰੇਦਾਰ ਵਜੋਂ ਸੇਵਾ ਲਾਈ ਗਈ ਸੀ। ਉਹ ਦੂਜੇ ਦਿਨ ਇਸ ਸੇਵਾ ਲਈ ਪੁੱਜੇ ਸਨ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਮੌਕੇ ’ਤੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਵਿਅਕਤੀ ਨੂੰ ਤੁਰੰਤ ਕਾਬੂ ਕਰ ਲਿਆ।
ਉਨ੍ਹਾ ਕਿਹਾ ਕਿ ਜਿਸ ਵੇਲੇ ਗੋਲੀ ਚਲਾਉਣ ਦਾ ਯਤਨ ਕੀਤਾ, ਉਦੋਂ ਤਿੰਨ ਪੁਲਸ ਕਰਮਚਾਰੀ ਸਾਦਾ ਕੱਪੜਿਆਂ ’ਚ ਸੁਖਬੀਰ ਸਿੰਘ ਬਾਦਲ ਦੇ ਨਾਲ ਤਾਇਨਾਤ ਸਨ, ਜਿਨ੍ਹਾਂ ਤੁਰੰਤ ਹਮਲਾਵਰ ਨੂੰ ਰੋਕਿਆ ਅਤੇ ਕਾਬੂ ਕਰ ਲਿਆ। ਉਨ੍ਹਾ ਕਿਹਾ ਕਿ ਧਾਰਮਕ ਅਸਥਾਨ ਹੋਣ ਕਾਰਨ ਇੱਥੇ ਹਰ ਆਉਣ-ਜਾਣ ਵਾਲੇ ਵਿਅਕਤੀ ਦੀ ਤਲਾਸ਼ੀ ਨਹੀਂ ਲਈ ਜਾ ਸਕਦੀ, ਪਰ ਇਸ ਦੇ ਬਾਵਜੂਦ ਸੁਰੱਖਿਆ ਕਰਮੀਆਂ ਵੱਲੋਂ ਚੌਕਸੀ ਵਰਤੀ ਜਾ ਰਹੀ ਸੀ।
ਸੁਖਬੀਰ ਸਿੰਘ ਬਾਦਲ ਨੇ ਆਪਣੀ ਸੇਵਾ ਜਾਰੀ ਰੱਖੀ ਤੇ ਪਹਿਰੇਦਾਰ ਦੀ ਸੇਵਾ ਕਰਨ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਅਤੇ ਮਗਰੋਂ ਲੰਗਰ ਘਰ ’ਚ ਸੰਗਤ ਦੇ ਜੂਠੇ ਬਰਤਨ ਮਾਂਜਣ ਦੀ ਸੇਵਾ ਕੀਤੀ। ਇਸ ਮੌਕੇ ਉਨ੍ਹਾ ਦੇ ਨਾਲ ਉਨ੍ਹਾ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸੀ।
ਚੌੜਾ ਨੇ 14 ਜੁਲਾਈ ਨੂੰ ਫੇਸਬੁਕ ਪੋਸਟ ਵਿੱਚ ਕਿਹਾ ਸੀ ਕਿ ਮੁਆਫੀ ਮੰਗਣ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਾਪ ਧੋਤੇ ਨਹੀਂ ਜਾਣੇ। ਸਿੱਖ ਭਾਈਚਾਰੇ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇਸ ਦੇ ਘੋਰ ਮਾੜੇ ਕਾਰਿਆਂ ਕਰਕੇ ਸਿਆਸੀ ਤੌਰ ’ਤੇ ਰੱਦ ਕਰ ਦਿੱਤਾ ਹੈ ਤੇ ਹੁਣ ਪਾਰਟੀ ਆਪਣਾ ਦਾਗੀ ਅਕਸ ਸਾਫ ਕਰਨ ਲਈ ਅਕਾਲ ਤਖਤ ਨੂੰ ਵਰਤ ਰਹੀ ਹੈ। ਪਾਰਟੀ ਪੰਥ ਦੀ ਦੁਸ਼ਮਣ ਹੈ ਤੇ ਇਸ ਨੂੰ ਸਿਆਸੀ ਪਿੜ ਵਿੱਚ ਸਿੱਖ ਭਾਈਚਾਰੇ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ। ਪੰਥ ਸਿਆਸੀ ਪਿੜ ਵਿੱਚ ਪਾਰਟੀ ਨੂੰ ਰੱਦ ਕਰਕੇ ਪਹਿਲਾਂ ਹੀ ਆਪਣਾ ਰਵੱਈਆ ਪ੍ਰਗਟ ਕਰ ਚੁੱਕਾ ਹੈ। ਸੰਕੇਤਕ ਸਜ਼ਾਵਾਂ ਨਾਲ ਇਨ੍ਹਾਂ ਨੂੰ ਕੀਤੇ ਮਾੜੇ ਕਾਰਿਆਂ ਤੋਂ ਮੁਕਤ ਕਰਨ ਦੀ ਕੋਸ਼ਿਸ਼ ਖਾਲਸਾ ਪੰਥ ਮਨਜ਼ੂਰ ਨਹੀਂ ਕਰੇਗਾ, ਜਿਵੇਂ ਸਿੱਖ ਭਾਈਚਾਰੇ ਨੇ ਸਿਆਸੀ ਪ੍ਰਭਾਵ ਤਹਿਤ ਡੇਰਾ ਸਿਰਸਾ ਨੂੰ ਮੁਆਫੀ ਦੇਣ ਦੇ ਨਿਰਦੇਸ਼ ਮਨਜ਼ੂਰ ਕਰਨ ਤੋਂ ਨਾਂਹ ਕਰ ਦਿੱਤੀ ਸੀ।
ਪਾਕਿਸਤਾਨ ’ਚ ਸਿਖਲਾਈ ਪ੍ਰਾਪਤ ਚੌੜਾ ਕੰਵਰ ਸਿੰਘ ਧਾਮੀ ਵੱਲੋਂ 1982 ਵਿੱਚ ਬਣਾਈ ਅਕਾਲ ਫੈਡਰੇਸ਼ਨ ਦਾ ਸੈਕੰਡ-ਇਨ-ਕਮਾਂਡ ਰਿਹਾ। ਚੌੜਾ 1995 ’ਚ ਭਾਰਤ ਪਰਤਣ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਗਿਆ ਸੀ। ਚੌੜਾ ਪੰਜਾਬ ਦੇ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ’ਚ ਵੀ ਸ਼ੱਕੀ ਸੀ। ਉਹ 2004 ’ਚ ਬੁੜੈਲ ਜੇਲ੍ਹ ਤੋੜਨ ਦੇ ਕੇਸ ’ਚ ਵੀ ਸ਼ਾਮਲ ਸੀ, ਜਦੋਂ ਬੇਅੰਤ ਸਿੰਘ ਦੇ ਕਾਤਲ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਅੰਡਰ ਟਰਾਇਲ ਜੇਲ੍ਹ ਦੀ ਬੈਰਕ ਨੰਬਰ 7 ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ 21 ਜਨਵਰੀ 2004 ਦੀ ਰਾਤ ਨੂੰ ਵਾਪਰੀ ਸੀ। ਚੌੜਾ ’ਤੇ 8 ਮਈ 2010 ਨੂੰ ਅੰਮਿ੍ਰਤਸਰ ਦੇ ਸਿਵਲ ਲਾਈਨ ਥਾਣੇ ’ਚ ਵਿਸਫੋਟਕ ਐਕਟ ਤਹਿਤ 30 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਅੰਮਿ੍ਰਤਸਰ, ਤਰਨ ਤਾਰਨ ਅਤੇ ਰੋਪੜ ’ਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਕੇਸਾਂ ’ਚ ਵੀ ਲੋੜੀਂਦਾ ਸੀ। ਚੌੜਾ 2004 ਵਿੱਚ ਆਰਮਜ਼ ਐਕਟ ਦੇ ਕੇਸ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਉਹ 2018 ਵਿੱਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ ਤੇ ਦਲ ਖਾਲਸਾ ਤੇ ਹੋਰਨਾਂ ਗਰੁੱਪਾਂ ਨਾਲ ਸਰਗਰਮ ਸੀ। ਪੁਲਸ ਅਨੁਸਾਰ ਚੌੜਾ 1984 ’ਚ ਪਾਕਿਸਤਾਨ ਗਿਆ ਸੀ ਅਤੇ ਅੱਤਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ’ਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ’ਚ ਅਹਿਮ ਭੂਮਿਕਾ ਨਿਭਾਉਦਾ ਰਿਹਾ ਸੀ। ਪਾਕਿਸਤਾਨ ਵਿਚ ਰਹਿੰਦਿਆਂ ਉਸ ਨੇ ਗੁਰੀਲਾ ਯੁੱਧ ’ਤੇ ਕਿਤਾਬਾਂ ਲਿਖੀਆਂ।





