ਡੇਰਾ ਬਾਬਾ ਨਾਨਕ : ਇੱਥੇ ਰਹਿਣ ਵਾਲਾ ਨਰਾਇਣ ਸਿੰਘ ਚੌੜਾ ਅੰਮਿ੍ਰਤਸਰ ਰਵਾਨਾ ਹੋਣ ਤੋਂ ਪਹਿਲਾਂ ਘਰਵਾਲੀ ਨੂੰ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਸਮਾਗਮ ’ਤੇ ਜਾ ਰਿਹਾ ਹੈ। ਚੌੜਾ ਦਾ ਜੱਦੀ ਪਿੰਡ ਇੱਥੋਂ ਤਿੰਨ ਕਿੱਲੋਮੀਟਰ ਦੂਰ ਚੌੜਾ ਬਾਜਵਾ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ 1988 ਦੇ ਹੜ੍ਹਾਂ ਤੋਂ ਬਾਅਦ ਪਰਵਾਰ ਪਿੰਡ ਛੱਡ ਗਿਆ ਸੀ ਤੇ ਫਿਰ ਕਦੇ ਨਹੀਂ ਪਰਤਿਆ।
ਜਦੋਂ ਪੁਲਸ ਘਰ ਦੀ ਛਾਣਬੀਣ ਕਰ ਰਹੀ ਸੀ ਤਾਂ ਚੌੜਾ ਦੀ ਪਤਨੀ ਜਸਮੀਤ ਕੌਰ ਸ਼ਾਂਤਚਿੱਤ ਸੀ। ਉਸ ਨੇ ਕਿਹਾਮੇਰੇ ਪਤੀ ਸਵੱਖਤੇ ਉਠ ਗਏ ਸਨ ਤੇ ਪੌਣੇ ਛੇ ਵਜੇ ਦੇ ਕਰੀਬ ਘਰੋਂ ਨਿਕਲ ਗਏ ਸੀ। ਉਹ ਮੈਨੂੰ ਇਹ ਕਹਿ ਕੇ ਗਏ ਕਿ ਸ੍ਰੀ ਦਰਬਾਰ ਸਾਹਿਬ ਇਕ ਅਹਿਮ ਸਮਾਗਮ ’ਤੇ ਜਾ ਰਿਹਾ ਹਾਂ। ਉਹ ਸਾਬਕਾ ਮਿਲੀਟੈਂਟਾਂ ਦੇ ਜਨਮ ਦਿਹਾੜਿਆਂ ਤੇ ਬਰਸੀਆਂ ’ਤੇ ਜਾਂਦੇ ਰਹਿੰਦੇ ਹਨ।
ਚੌੜਾ ਦਾ ਭਰਾ ਨਰਿੰਦਰ ਸਿੰਘ ਬਾਜਵਾ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦਾ 2018 ਤੋਂ ਮੈਂਬਰ ਹੈ। ਕਾਂਗਰਸੀ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਕਿ ਉਨ੍ਹਾ ਬਾਜਵਾ ਨੂੰ ਮੈਂਬਰ ਬਣਵਾਇਆ ਸੀ। ਉਨ੍ਹਾ ਕਿਹਾ ਕਿ ਜਦੋਂ ਵੀ ਗੈਂਗਸਟਰ ਜਾਂ ਮਿਲੀਟੈਂਟ ਦੀ ਸ਼ਮੂਲੀਅਤ ਵਾਲੀ ਘਟਨਾ ਵਾਪਰਦੀ ਹੈ, ਉਨ੍ਹਾ ਦਾ ਨਾਂਅ ਬੇਲੋੜਾ ਘੜੀਸ ਲਿਆ ਜਾਂਦਾ ਹੈ। ਰੰਧਾਵਾ ਨੇ ਸੁਖਬੀਰ ਬਾਦਲ ’ਤੇ ਹਮਲੇ ਦੀ ਨਿੰਦਾ ਕੀਤੀ ਤੇ ਹਮਲਾ ਰੋਕਣ ਵਿਚ ਨਾਕਾਮੀ ਲਈ ਪੁਲਸ ਦੀ ਨੁਕਤਾਚੀਨੀ ਕੀਤੀ। ਉਨ੍ਹਾ ਕਿਹਾ ਕਿ ਪੁਲਸ ਵਾਲੇ ਜਾਣਦੇ ਹਨ ਕਿ ਚੌੜਾ ਡੇਰਾ ਬਾਬਾ ਨਾਨਕ ਰਹਿੰਦਾ ਹੈ ਤੇ ਅੱਤਵਾਦੀ ਖਿਆਲਾਂ ਦਾ ਹੈ। ਪੁਲਸ ਨੂੰ ਉਸ ਨੂੰ ਇਹਤਿਆਤੀ ਹਿਰਾਸਤ ’ਚ ਲੈਣਾ ਚਾਹੀਦਾ ਸੀ।