ਮੁੰਬਈ : ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ (62) ਦਾ ਐਤਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ। ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ। ਕਈ ਵਾਰ ਉਨ੍ਹਾ ਦੀ ਤੁਲਨਾ ਵਾਰਨ ਬਫੇ ਨਾਲ ਕੀਤੀ ਗਈ। ਉਨ੍ਹਾ ਨੂੰ ਭਾਰਤੀ ਬਾਜ਼ਾਰਾਂ ਦਾ ‘ਬਿੱਗ ਬੁੱਲ’ ਵੀ ਕਿਹਾ ਜਾਂਦਾ ਸੀ। ਉਨ੍ਹਾ ਹਾਲ ਹੀ ਵਿੱਚ ਜੈੱਟ ਏਅਰਵੇਜ਼ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਵਿਨੈ ਦੂਬੇ ਅਤੇ ਇੰਡੀਗੋ ਦੇ ਸਾਬਕਾ ਮੁਖੀ ਆਦਿਤਿਆ ਘੋਸ਼ ਦੇ ਨਾਲ ਦੇਸ਼ ਦੀ ਨਵੀਂ ਕਿਫਾਇਤੀ ਏਅਰਲਾਈਨ ਅਕਾਸਾ ਏਅਰ ਦੀ ਸ਼ੁਰੂਆਤ ਕੀਤੀ ਸੀ। ਏਅਰਲਾਈਨ ਨੇ ਇਸ ਮਹੀਨੇ ਮੁੰਬਈ ਤੋਂ ਅਹਿਮਦਾਬਾਦ ਦੀ ਉਡਾਨ ਨਾਲ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। ਝੁਨਝੁਨਵਾਲਾ ਦੇਸ਼ ਦੇ 48ਵੇਂ ਸਭ ਤੋਂ ਅਮੀਰ ਵਿਅਕਤੀ ਸਨ।


