ਨਵੀਂ ਦਿੱਲੀ : ਪੂਰਬੀ ਦਿੱਲੀ ਦੇ ਕਿ੍ਰਸ਼ਨਾ ਨਗਰ ਦੇ ਕਾਰੋਬਾਰੀ ਸੁਨੀਲ ਜੈਨ (52) ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਜੈਨ, ਜੋ ਬਰਤਨਾਂ ਦਾ ਕਾਰੋਬਾਰ ਕਰਦਾ ਸੀ, ਯਮੁਨਾ ਸਪੋਰਟਸ ਕੰਪਲੈਕਸ ’ਚ ਸਵੇਰ ਦੀ ਸੈਰ ਤੋਂ ਬਾਅਦ ਸਕੂਟੀ ’ਤੇ ਘਰ ਪਰਤ ਰਿਹਾ ਸੀ, ਜਦੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਹਮਲਾਵਰਾਂ ਨੇ ਫਰਸ਼ ਬਾਜ਼ਾਰ ਖੇਤਰ ’ਚ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪਰਵਾਰਕ ਮੈਂਬਰਾਂ ਅਨੁਸਾਰ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਉਸ ਨੂੰ ਕੋਈ ਧਮਕੀ ਮਿਲੀ ਸੀ।
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਕਤਲਾਂ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੁੜ ਘੇਰਿਆ ਹੈ। ਉਨ੍ਹਾ ਕਿਹਾ ਕਿ ਰਾਜਧਾਨੀ ਦਿੱਲੀ ’ਚ ਸ਼ਨੀਵਾਰ ਨੂੰ ਜਦੋਂ ਲੋਕਾਂ ਦੀਆਂ ਸਵੇਰੇ ਅੱਖਾਂ ਖੁੱਲ੍ਹੀਆਂ ਤਾਂ ਉਨ੍ਹਾਂ ਕਤਲਾਂ ਦੀਆਂ ਦੋ ਘਟਨਾਵਾਂ ਨੂੰ ਦੇਖਿਆ ਤੇ ਪੜ੍ਹਿਆ। ਪਹਿਲੀ ਘਟਨਾ ’ਚ ਬਰਤਨ ਕਾਰੋਬਾਰੀ ਸੰਜੇ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਦੂਜੀ ਘਟਨਾ ’ਚ ਗੋਵਿੰਦਪੁਰੀ ’ਚ ਗੁਆਂਢੀਆਂ ਦੀ ਲੜਾਈ ’ਚ ਇੱਕ ਵਿਅਕਤੀ ਦੀ ਜਾਨ ਚਲੀ ਗਈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਦੋ ਸਰਕਾਰਾਂ ਇਕੱਠੀਆਂ ਚੱਲਦੀਆਂ ਹਨ। 10 ਸਾਲ ਪਹਿਲਾਂ ਲੋਕਾਂ ਨੇ ਦਿੱਲੀ ਵਿੱਚ ਸਾਡੀ ਸਰਕਾਰ ਚੁਣੀ। ਅਸੀਂ ਸਕੂਲ, ਹਸਪਤਾਲ, ਬਿਜਲੀ ਠੀਕ ਕੀਤੀ। ਲੋਕਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਸੌਂਪੀ। ਲੋਕਾਂ ਨੇ ਭਾਜਪਾ ਦੇ ਅਮਿਤ ਸ਼ਾਹ ਨੂੰ ਸਿਰਫ ਇੱਕ ਜ਼ਿੰਮੇਵਾਰੀ ਦਿੱਤੀ ਸੀ, ਉਸ ’ਚ ਵੀ ਉਹ ਬੁਰੀ ਤਰ੍ਹਾਂ ਫੇਲ੍ਹ ਹੋ ਰਹੇ ਹਨ। ਉਨ੍ਹਾ ਕਿਹਾ ਕਿ ਅਮਿਤ ਸ਼ਾਹ ਸਿਰਫ ਗੰਦੀ ਰਾਜਨੀਤੀ ਕਰਦੇ ਹਨ।


