ਜੰਮੂ : ਊਧਮਪੁਰ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਪੁਲਸ ਮੁਲਾਜ਼ਮ ਨੇ ਏ ਕੇ-47 ਰਾਈਫਲ ਨਾਲ ਆਪਣੇ ਸਾਥੀ ਮੁਲਾਜ਼ਮ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਦੋਵੇਂ ਇੱਕ ਹੋਰ ਮੁਲਾਜ਼ਮ ਸਾਥੀ ਦੇ ਨਾਲ ਉੱਤਰੀ ਕਸ਼ਮੀਰ ਦੇ ਸੋਪੋਰ ਤੋਂ ਜੰਮੂ ਖੇਤਰ ’ਚ ਰਿਆਸੀ ਜ਼ਿਲ੍ਹੇ ਦੇ ਤਲਵਾੜਾ ਸਥਿਤ ਸਹਾਇਕ ਸਿਖਲਾਈ ਕੇਂਦਰ ਜਾ ਰਹੇ ਸਨ। ਸਵੇਰੇ ਕਰੀਬ ਸਾਢੇ ਛੇ ਵਜੇ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਕਾਲੀ ਮਾਤਾ ਮੰਦਰ ਦੇ ਬਾਹਰ ਪੁਲਸ ਵੈਨ ਦੇ ਅੰਦਰ ਪੁਲਸ ਮੁਲਾਜ਼ਮਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਹੋਈਆਂ ਲਾਸ਼ਾਂ ਮਿਲੀਆਂ। ਹੌਲਦਾਰ ਨੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਣ ’ਤੇ ਵਾਹਨ ਚਾਲਕ ’ਤੇ ਗੋਲੀ ਚਲਾ ਦਿੱਤੀ ਅਤੇ ਫਿਰ ਖੁਦਕੁਸ਼ੀ ਕਰ ਲਈ। ਸਿਲੈਕਸ਼ਨ ਗਰੇਡ ਦਾ ਇਕ ਸਿਪਾਹੀ ਬਚ ਗਿਆ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਊਧਮਪੁਰ ਦੇ ਐੱਸ ਐੱਸ ਪੀ ਆਮੋਦ ਅਸ਼ੋਕ ਨਾਗਪੁਰੇ ਨੇ ਦੱਸਿਆ ਕਿ ਮੁਲਜ਼ਮ ਨੇ ਗੋਲੀਬਾਰੀ ਲਈ ਆਪਣੀ ਏ ਕੇ-47 ਰਾਈਫਲ ਦਾ ਇਸਤੇਮਾਲ ਕੀਤਾ।