ਨਵੀਂ ਦਿੱਲੀ : ਈਸ਼ਾ ਫਾਊਂਡੇਸ਼ਨ ਦੇ ਬਾਨੀ ਜੱਗੀ ਵਾਸੂਦੇਵ ਨੇ ਸੰਸਦ ਦੇ ਚੱਲ ਰਹੇ ਸੈਸ਼ਨ ’ਚ ਵਾਰ-ਵਾਰ ਰੁਕਾਵਟਾਂ ਪਾਏ ਜਾਣ, ਖਾਸ ਤੌਰ ’ਤੇ ਨਿੱਜੀ ਮਾਲਕੀ ਵਾਲੇ ਕਾਰੋਬਾਰੀਆਂ ਅਤੇ ਸਮੂਹਾਂ ਨਾਲ ਜੁੜੇ ਮਾਮਲਿਆਂ ਨੂੰ ਵੱਡੇ ਪੱਧਰ ’ਤੇ ਉਠਾਏ ਜਾਣ ਉਤੇ ਵੀਰਵਾਰ ਨਿਰਾਸਾ ਜ਼ਾਹਰ ਕੀਤੀ। ਅਧਿਆਤਮਿਕ ਗੁਰੂ ਨੇ ਕਿਹਾਸੰਸਦ ਵਿੱਚ ਵਿਘਨ ਦੇਖਣਾ ਨਿਰਾਸ਼ਾਜਨਕ ਹੈ, ਖਾਸ ਤੌਰ ’ਤੇ ਜਦੋਂ ਅਸੀਂ ਸੰਸਾਰ ਲਈ ਲੋਕਤੰਤਰ ਦਾ ਪ੍ਰਤੀਕ ਬਣਨ ਦੀ ਇੱਛਾ ਰੱਖਦੇ ਹਾਂ। ‘ਐੱਕਸ’ ਉੱਤੇ ਉਸ ਨੇ ਕਿਹਾਭਾਰਤ ਦੇ ਦੌਲਤ ਸਿਰਜਣਹਾਰਾਂ ਅਤੇ ਰੁਜ਼ਗਾਰ ਦੇਣ ਵਾਲਿਆਂ ਨੂੰ ਸਿਆਸੀ ਬਿਆਨਬਾਜ਼ੀ ਦਾ ਵਿਸ਼ਾ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਕੋਈ ਮਤਭੇਦ ਹਨ, ਤਾਂ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਨਿਬੇੜਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇੱਕ ਸਿਆਸੀ ਫੁੱਟਬਾਲ ਨਹੀਂ ਬਣਨਾ ਚਾਹੀਦਾ ਹੈ।
ਕੋਇੰਬਟੂਰ ਸਥਿਤ ਸਦਗੁਰੂ ਨੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਨੂੰ ਇੱਕ ‘ਭਵਯ ਭਾਰਤ’ ਬਣਨ ਲਈ ਭਾਰਤੀ ਕਾਰੋਬਾਰ ਨੂੰ ਵਧਣਾ ਚਾਹੀਦਾ ਹੈ। ਸਦਗੁਰੂ ਦੀ ਟਿੱਪਣੀ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਆਈ ਹੈ, ਜੋ 20 ਦਸੰਬਰ ਨੂੰ ਖਤਮ ਹੋਣ ਜਾ ਰਿਹਾ ਹੈ, ਪਰ ਇਸ ਨੂੰ ਇੱਕ ਜਾਂ ਦੂਜੇ ਮੁੱਦੇ ’ਤੇ ਵਾਰ-ਵਾਰ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਧਿਰ ਕੁਝ ਕਾਰੋਬਾਰੀ ਘਰਾਣਿਆਂ ਦਾ ਪੱਖ ਲੈਣ ਲਈ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ, ਜਦੋਂ ਕਿ ਐੱਨ ਡੀ ਏ ਆਗੂ ਭਿ੍ਰਸ਼ਟਾਚਾਰ ਲਈ ‘ਇੰਡੀਆ’ ਗੱਠਜੋੜ ’ਤੇ ਹਮਲੇ ਕਰ ਰਹੇ ਹਨ।
ਇੱਕ ਦਿਨ ਪਹਿਲਾਂ ‘ਇੰਡੀਆ’ ਗੱਠਜੋੜ ਦੇ ਸੰਸਦ ਮੈਂਬਰਾਂ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਸੀ ਅਤੇ ਉਨ੍ਹਾ ’ਤੇ ਪੱਖਪਾਤੀ ਵਿਹਾਰ ਅਤੇ ਸਰਕਾਰ ਦੇ ਬੁਲਾਰੇ ਵਜੋਂ ਕੰਮ ਕਰਨ ਦਾ ਦੋਸ਼ ਲਗਾਇਆ ਸੀ।



