ਮਾਨਸਾ : ਲੋਕਤੰਤਰੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਫਿਰਕਾਪ੍ਰਸਤੀ ਤਹਿਤ ਭਾਈਚਾਰਕ ਵੰਡ ਪਾਉਣ ਵਾਲੀ ਭਾਜਪਾ ਰਾਸ਼ਟਰੀ ਤਿਰੰਗਾ ਝੰਡਾ ਵੇਚ ਕੇ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਸੀ ਪੀ ਆਈ ਦੇ 24ਵੇਂ ਡੈਲੀਗੇਟ ਅਜਲਾਸ ਉਪਰੰਤ ਸੰਬੋਧਨ ਕਰਦਿਆਂ ਕੀਤਾ। ਉਹਨਾ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਵਧ ਰਹੀਆਂ ਤੇਲ ਕੀਮਤਾਂ ਕਾਰਨ ਮਹਿੰਗਾਈ ਅਮਰ ਵੇਲ ਵਾਂਗ ਵਧ ਰਹੀ ਹੈ ਅਤੇ ਮੋਦੀ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਦੀ ਬਜਾਏ ਅੰਬਾਨੀਆਂ, ਅਡਾਨੀਆਂ ਨੂੰ ਮੁਨਾਫਾ ਦੇਣ ਅਤੇ ਦੇਸ਼ ਦੀ ਪ੍ਰਾਪਰਟੀ ਨੂੰ ਕੌਡੀਆਂ ਦੇ ਭਾਅ ਲੁਟਾਉਣ ਵਿੱਚ ਮਸ਼ਰੂਫ ਹੈ, ਜਦੋਂ ਕਿ ਪਿਛਲੇ ਸਮੇਂ ਤੋਂ ਭਾਜਪਾ ਸਰਕਾਰ ਦੇ ਕਾਰਜਕਾਲ ਦਰਮਿਆਨ ਬੇਰੁਜ਼ਗਾਰੀ ਵਿੱਚ 25 ਫੀਸਦੀ ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ ਅਤੇ ਸਰਕਾਰ ਰੁਜ਼ਗਾਰ ਲਈ ਕੋਈ ਨੀਤੀ ਨਹੀਂ ਬਣਾ ਰਹੀ। ਆਰ ਐੱਸ ਐੱਸ ਦੀ ਨੀਤੀ ਤਹਿਤ ਘੱਟ ਗਿਣਤੀਆਂ ਅਤੇ ਦਲਿਤਾਂ ਪ੍ਰਤੀ ਨਫਰਤ ਤਹਿਤ ਹਰ ਵਰਗ ਨੂੰ ਅੱਤਿਆਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਮਨੂ ਸਿਮਰਤੀ ਨੂੰ ਲਾਗੂ ਕਰਨ ਲਈ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਇਸ ਦਾ ਵਿਰੋਧ ਕਰਨ ਵਾਲੇ ਜਾਗਰੂਕ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਬੁੱਧੀਜੀਵੀਆਂ ਦੀ ਕਲਮ ਨੂੰ ਰੋਕਣ ਲਈ ਅਤੇ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨ ਲਈ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਉਹਨਾ ਚੇਤਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਧਰਮ ਨਿਰਪੱਖ ਅਤੇ ਲਾਲ ਝੰਡੇ ਦੀ ਆਵਾਜ਼ ਨੂੰ ਦਬਾਉਣ ਲਈ ਆਰ ਐੱਸ ਐੱਸ, ਭਾਜਪਾ ਹਿਟਲਰਸ਼ਾਹੀ ਨੀਤੀ ਅਪਣਾ ਸਕਦੀ ਹੈ। ਇਸ ਦੇ ਟਾਕਰੇ ਲਈ ਮਜ਼ਬੂਤ ਕਮਿਊਨਿਸਟ ਲਹਿਰ ਉਸਾਰਨਾ ਸਮੇਂ ਦੀ ਮੁੱਖ ਲੋੜ ਹੈ। ਉਦਘਾਟਨੀ ਭਾਸ਼ਣ ਮੌਕੇ ਸੂਬੇ ਵੱਲੋਂ ਜ਼ਿਲ੍ਹਾ ਨਿਗਰਾਨ ਕੁਸ਼ਲ ਭੌਰਾ ਨੇ ਸਫਲ ਕਾਨਫਰੰਸ ਦੀ ਮੁਬਾਰਕਬਾਦ ਦਿੱਤੀ ਅਤੇ ਅਵਾਮੀ ਫਰੰਟਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਔਰਤ ਜਾਤੀ ਨੂੰ ਬਰਾਬਰ ਦਾ ਸਮਾਜਕ ਸਨਮਾਨ ਦੇਣ ਸੰਬੰਧੀ ਪਾਰਟੀ ਨੂੰ ਵਧੇਰੇ ਧਿਆਨ ਦੇਣ ਦੀ ਅਪੀਲ ਕੀਤੀ। ਕਾਨਫਰੰਸ ਦਲਜੀਤ ਮਾਨਸ਼ਾਹੀਆ, ਮਨਜੀਤ ਗਾਮੀਵਾਲਾ ਅਤੇ ਜਗਸੀਰ ਕੁਲਾ ਦੇ ਪ੍ਰਧਾਨਗੀ ਮੰਡਲ ਹੇਠ ਸੰਪੰਨ ਹੋਈ। ਸਕੱਤਰ ਵੱਲੋਂ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਹਾਜ਼ਰ ਡੈਲੀਗੇਟਾਂ ਵੱਲੋਂ ਸੁਝਾਅ ਅਤੇ ਵਾਧਿਆਂ ਨਾਲ ਪਾਸ ਕੀਤੀ ਗਈ। ਇਸ ਮੌਕੇ 31 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ, ਜਿਸ ਵਿੱਚ ਜ਼ਿਲ੍ਹਾ ਸਕੱਤਰ ਕਿ੍ਰਸ਼ਨ ਚੌਹਾਨ, ਮੀਤ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ ਅਤੇ ਰਤਨ ਭੋਲਾ ਜ਼ਿਲ੍ਹਾ ਖਜ਼ਾਨਚੀ ਸਰਬਸੰਮਤੀ ਨਾਲ ਚੁਣੇ ਗਏ। ਸੂਬਾ ਕਾਨਫਰੰਸ ਲਈ 16 ਡੈਲੀਗੇਟਾਂ ਦੀ ਚੋਣ ਵੀ ਕੀਤੀ ਗਈ। ਝੰਡੇ ਦੀ ਰਸਮ ਟਰੇਡ ਯੂਨੀਅਨਿਸਟ ਅਤੇ ਸੀਨੀਅਰ ਕਮਿਊਨਿਸਟ ਆਗੂ ਮਾਸਟਰ ਸੁਖਦੇਵ ਰਿਖੀ ਵੱਲੋਂ ਅਦਾ ਕੀਤੀ ਗਈ। ਕਾਨਫਰੰਸ ਦੌਰਾਨ ਸੀਨੀਅਰ ਆਗੂਆਂ ਨਿਹਾਲ ਸਿੰਘ ਅਤੇ ਮਾਸਟਰ ਰਿਖੀ ਜੋਗਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕਿਸਾਨ ਅੰਦੋਲਨ ਦੌਰਾਨ ਪੂਰਾ ਸਮਾਂ ਅਤੇ ਅਹਿਮ ਰੋਲ ਨਿਭਾਉਣ ਵਾਲੇ ਸਾਥੀਆਂ ਦਾ ਸਿਰੋਪੇ ਦੇ ਕੇ ਸਨਮਾਨ ਕੀਤਾ।