ਫਾਜ਼ਿਲਕਾ (ਪਰਮਜੀਤ ਢਾਬਾਂ)
ਆਜ਼ਾਦੀ ਦੇ ਜਸ਼ਨ ਨੂੰ ਜਿੱਥੇ ਪੂਰੇ ਭਾਰਤ ਅਤੇ ਦੁਨੀਆ ਭਰ ਵਿੱਚ ਰਹਿੰਦੇ ਭਾਰਤੀਆਂ ਵੱਲੋਂ ਇਨਕਲਾਬੀ ਜੋਸ਼ੋ-ਖਰੋਸ਼ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਉਥੇ ਆਜ਼ਾਦੀ ਸੰਗਰਾਮ ਦੇ ਘੁਲਾਟੀਏ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਰੋਲ ਅਦਾ ਕੀਤਾ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ। ਜ਼ਿਲ੍ਹਾ ਫ਼ਾਜ਼ਿਲਕਾ ਦੇ ਵਿਧਾਨ ਸਭਾ ਹਲਕਾ ਫਾਜ਼ਿਲਕਾ ਤੋਂ ਪਹਿਲੇ ਚੁਣੇ ਗਏ ਵਿਧਾਇਕ ਆਜ਼ਾਦੀ ਘੁਲਾਟੀਏ ਕਾਮਰੇਡ ਵਧਾਵਾ ਰਾਮ ਦਾ ਜਨਮ ਦਿਨ ਆਜ਼ਾਦੀ ਦਿਹਾੜੇ ਮੌਕੇ ਇਨਕਲਾਬੀ ਸਮਾਗਮ ਕਰਕੇ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਮਰੇਡ ਵਧਾਵਾ ਰਾਮ ਯਾਦਗਾਰ ਕਮੇਟੀ ਦੇ ਪ੍ਰਧਾਨ ਮਾਂਗਾ ਰਾਮ, ਸਕੱਤਰ ਬਖਤਾਵਰ ਸਿੰਘ, ਕੈਸ਼ੀਅਰ ਅਜੀਤ ਕੁਮਾਰ, ਸਹਾਇਕ ਸਕੱਤਰ ਹੰਸ ਰਾਜ ਗੋਲਡਨ, ਸੁਰਿੰਦਰ ਗੰਜੂਆਣਾ, ਦਰਸ਼ਨ ਲਾਧੂਕਾ, ਵਜ਼ੀਰ ਚੰਦ, ਗੁਰਮੇਜ ਸਿੰਘ, ਰਮੇਸ਼ ਵਡੇਰਾ, ਵਣਜਾਰ ਸਿੰਘ ਅਤੇ ਸਤਨਾਮ ਬਾਜੇਕੇ ਨੇ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਵਿੱਚ ਦੇਸ਼ ਦੇ ਨੌਜਵਾਨਾਂ ਨੂੰ ਭਗਤ ਸਿੰਘ ਅਤੇ ਉਸ ਦੇ ਨਾਲ ਦੇ ਇਨਕਲਾਬੀ ਸਾਥੀਆਂ ਦੀ ਵਿਚਾਰਧਾਰਾ ’ਤੇ ਪਹਿਰਾ ਦੇਣਾ ਚਾਹੀਦਾ ਹੈ। ਪ੍ਰੋਫੈਸਰ ਨੇ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਦਾ ਅੱਠ ਨੁਕਾਤੀ ਪ੍ਰੋਗਰਾਮ ਪੜ੍ਹ ਕੇ ਉਸ ’ਤੇ ਅਮਲ ਕਰਨਾ ਚਾਹੀਦਾ ਹੈ। ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਅਤੇ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਦੇਸ਼ ਅੰਦਰ ਜਦੋਂ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ, ਉਸ ਸਮੇਂ ਤੋਂ ਆਮ ਅਤੇ ਮੱਧ ਵਰਗ ਦਾ ਆਰਥਕ ਤੌਰ ’ਤੇ ਕਚੂੰਮਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਿੰਨ ਖੇਤੀ ਕਾਨੂੰਨ ਪਾਸ ਕਰ ਕੇ ਦੇਸ਼ ਦੇ ਸਮੁੱਚੇ ਵਰਗਾਂ ਨੂੰ ਸੜਕਾਂ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਅਤੇ ਫਿਰ ਬਿਜਲੀ ਸੋਧ ਬਿੱਲ ਲਿਆ ਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੀ ਜਨਤਾ ਦਾ ਆਪਣੇ ’ਤੇ ਵਧ ਰਹੇ ਆਰਥਕ ਬੋਝ ਨੂੰ ਝੱਲਣਾ ਮੁਸ਼ਕਲ ਹੋ ਗਿਆ ਹੈ ਅਤੇ ਸਬਰ ਦਾ ਪਿਆਲਾ ਭਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹਾਕਮ ਦੇਸ਼ ਦੀ ਜਨਤਾ ਲਈ ਸਿਹਤ, ਵਿੱਦਿਆ ਤੇ ਰੁਜ਼ਗਾਰ ਦੀ ਗਾਰੰਟੀ ਕਰਨ ਤੋਂ ਭੱਜ ਰਹੇ ਹਨ। ਆਰ ਐੱਮ ਪੀ ਆਈ ਦੇ ਸੂਬਾਈ ਆਗੂ ਮਹੀਪਾਲ ਅਤੇ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਹੰਸਰਾਜ ਗੋਲਡਨ ਨੇ ਕਿਹਾ ਕਿ ਮੌਜੂਦਾ ਦੌਰ ਜਿੱਥੇ ਉੱਚ ਤਕਨਾਲੋਜੀ ਦਾ ਦੌਰ ਹੈ, ਉੱਥੇ ਸਾਨੂੰ ਸਮਾਜ ਵਿੱਚ ਤੇਜ਼ੀ ਨਾਲ ਵਾਪਰ ਰਹੇ ਵਰਤਾਰੇ ਨੂੰ ਸਮਝਣ ਦੀ ਲੋੜ ਹੈ। ਸੰਸਾਰ ਅਤੇ ਦੇਸ਼ ਦਾ ਇੱਕ ਫੀਸਦੀ ਅਮੀਰ ਵਿਅਕਤੀ ਦੇਸ਼ ਦੀ ਬਹੁਗਿਣਤੀ ਆਮਦਨ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਗ਼ਰੀਬ ਅਤੇ ਮੱਧ ਵਰਗ ਗਰੀਬ ਹੁੰਦਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਦੇਸ਼ ਅੰਦਰ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਸੁਰਿੰਦਰ ਢੰਡੀਆਂ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਨੇ ਵੀ ਸੰਬੋਧਨ ਕੀਤਾ। ਸੀ ਪੀ ਐੱਮ ਦੇ ਆਗੂ ਹਰਭਜਨ ਖੁੰਗਰ, ਆਰ ਐੱਮ ਪੀ ਆਈ ਦੇ ਗੁਰਮੇਜ ਲਾਲ ਗੇਜੀ, ਕਾਮਰੇਡ ਸ਼ਕਤੀ, ਮੱਲ ਸਿੰਘ, ਰਾਮ ਕਿ੍ਰਸ਼ਨ ਧੁਨਕੀਆਂ, ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਹਰਭਜਨ ਛੱਪੜੀਵਾਲਾ, ਸੁਬੇਗ ਝੰਗੜਭੈਣੀ, ਏ ਆਈ ਐੱਸ ਐੱਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲ੍ਹਾ ਸਕੱਤਰ ਸਟਾਲਿਨ, ਪੀ ਐੱਸ ਯੂ ਦੇ ਆਗੂ ਧੀਰਜ ਕੁਮਾਰ, ਮਮਤਾ ਰਾਣੀ, ਸੀ ਪੀ ਆਈ ਦੇ ਆਗੂ ਜੰਮੂ ਰਾਮ ਬੰਨਵਾਲਾ, ਬਲਵੰਤ ਚੌਹਾਣਾ, ਅਧਿਆਪਕ ਆਗੂ ਮਹਿੰਦਰ ਜੌੜਿਆਂਵਾਲਾ, ਮਨਦੀਪ ਥਿੰਦ, ਡਾ. ਸਰਬਜੀਤ, ਪੱਤਰਕਾਰ ਨਿਸ਼ਾਨ ਸੰਧੂ, ਸਤਨਾਮ ਝੰਗੜਭੈਣੀ, ਸਤੀਸ਼ ਛੱਪੜੀਵਾਲਾ ਆਦਿ ਆਗੂ ਦੇ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਗੁਰਸ਼ਰਨ ਭਾਅ ਜੀ ਦੀ ਟੀਮ ਦੇ ਕਲਾਕਾਰਾਂ ਵੱਲੋਂ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।