11.5 C
Jalandhar
Saturday, December 21, 2024
spot_img

ਦਸਤਾਵੇਜ਼ ਮੰਗਣ ’ਤੇ ਭਾਰਤੀ ਵਿਦਿਆਰਥੀਆਂ ’ਚ ਹਾਹਾਕਾਰ

ਵੈਨਕੂਵਰ : ਕੈਨੇਡਾ ਆਏ ਕੌਮਾਂਤਰੀ ਵਿਦਿਆਰਥੀਆਂ ਨੂੰ ਆਈ ਆਰ ਸੀ ਸੀ (ਅਵਾਸ ਵਿਭਾਗ) ਵੱਲੋਂ ਕੁਝ ਦਿਨਾਂ ਤੋਂ ਆਈਆਂ ਈਮੇਲ ਰਾਹੀਂ ਆਪਣੇ ਦਸਤਾਵੇਜ਼ਾਂ ਸਮੇਤ ਪੜ੍ਹਾਈ ਦੇ ਸਥਾਨ, ਉੱਥੋਂ ਦੀਆਂ ਹਾਜ਼ਰੀਆਂ ਅਤੇ ਕੰਮ ਦੇ ਸਥਾਨਾਂ ਆਦਿ ਦੀ ਜਾਣਕਾਰੀ ਭੇਜਣ ਦੇ ਦਿੱਤੇ ਗਏ ਹੁਕਮਾਂ ਨੇ ਪੰਜਾਬੀ ਵਿਦਿਆਰਥੀਆਂ ’ਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ। ਬੇਸ਼ੱਕ ਵਿਭਾਗ ਦੇ ਬੁਲਾਰੇ ਜਾਂ ਮੰਤਰੀ ਵਲੋਂ ਇਸ ਬਾਰੇ ਅਜੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ, ਪਰ ਵਿਭਾਗ ਦੇ ਸੂਤਰਾਂ ਨੇ ਗੈਰਰਸਮੀ ਗੱਲਬਾਤ ’ਚ ਕਿਹਾ ਕਿ ਪੁੱਛਗਿੱਛ ਆਮ ਰੁਟੀਨ ਦਾ ਹਿੱਸਾ ਹੈ।
ਉਨ੍ਹਾਂ ਕਿਹਾ ਕਿ ਅਵਾਸ ਵਿਭਾਗ ਨੂੰ ਸ਼ੱਕ ਦੂਰ ਕਰਨ ਲਈ ਕਿਸੇ ਦੇ ਵੀ ਪੱਤਰਾਂ ਦੀ ਜਾਂਚ ਕਰਨ ਦਾ ਅਖ਼ਤਿਆਰ ਹਾਸਲ ਹੈ ਤੇ ਕਿਸੇ ਤੋਂ ਵੀ ਦੁਬਾਰਾ ਦਸਤਾਵੇਜ਼ ਮੰਗੇ ਜਾ ਸਕਦੇ ਹਨ।
ਕੋਰੋਨਾ ਤੋਂ ਬਾਅਦ ਵਿਦਿਆਰਥੀਆਂ ਦੀ ਇੱਕਦਮ ਵਧੀ ਗਿਣਤੀ ਦੌਰਾਨ ਫਾਈਲਾਂ ਚੰਗੀ ਤਰ੍ਹਾਂ ਨਹੀਂ ਘੋਖੀਆਂ ਗਈਆਂ, ਜਿਸ ਕਰਕੇ ਕੁਝ ਨਾਜਾਇਜ਼ ਵਿਦਿਆਰਥੀ ਕੈਨੇਡਾ ਪਹੁੰਚਣ ’ਚ ਸਫਲ ਹੋਏ, ਜਿਨ੍ਹਾਂ ਦੀ ਜਾਂਚ ਦੁਬਾਰਾ ਸ਼ੁਰੂ ਕੀਤੀ ਗਈ ਹੈ। ਨਾਜਾਇਜ਼ ਦਸਤਾਵੇਜ਼ਾਂ ਸਹਾਰੇ ਇੱਥੇ ਪੁੱਜੇ ਲੋਕਾਂ ਦੇ ਮਨਾਂ ’ਚ ਡਰ ਹੋਣਾ ਜਾਇਜ਼ ਹੈ, ਪਰ ਸੱਚੇ-ਸੁੱਚੇ, ਲਾਇਕ ਤੇ ਮਿਹਨਤੀ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਸਗੋਂ ਉਨ੍ਹਾਂ ਨੂੰ ਕਿਸੇ ਵੀ ਝੰਜਟ ਵਿੱਚ ਪੈਣ ਤੋਂ ਬਿਨਾਂ ਮੰਗੇ ਗਏ ਦਸਤਾਵੇਜ਼ ਫ਼ੌਰੀ ਵਿਭਾਗ ਨੂੰ ਭੇਜਣੇ ਚਾਹੀਦੇ ਹਨ, ਭਾਵ ਏਜੰਟਾਂ ਆਦਿ ਦੇ ਚੁੰਗਲ ’ਚ ਨਹੀਂ ਫਸਣਾ ਚਹੀਦਾ।
ਇਸ ਦੌਰਾਨ ਪਤਾ ਲੱਗਾ ਹੈ ਕਿ ਸਖਤੀ ਉਨ੍ਹਾਂ ’ਤੇ ਵੱਧ ਹੋਣ ਦਾ ਖਦਸ਼ਾ ਹੈ, ਜਿਨ੍ਹਾਂ ਨੇ ਏਜੰਟਾਂ ਦੀ ਮਦਦ ਨਾਲ ਕੈਨੇਡਾ ਪੁੱਜਣ ਲਈ ਸਟੱਡੀ ਪਰਮਿਟ ਨੂੰ ਮਹਿਜ਼ ਸਾਧਨ ਵਜੋਂ ਵਰਤਿਆ ਹੈ। ਵਿਭਾਗੀ ਉੱਚ ਅਧਿਕਾਰੀ ਇਹ ਮੰਨ ਕੇ ਚੱਲ ਰਹੇ ਹਨ ਕਿ ਯੋਗਤਾ ਵਿਚਲੀਆਂ ਖਾਮੀਆਂ ਵਾਲੇ ਦਰਖਾਸਤਕਰਤਾ ਹੀ ਏਜੰਟਾਂ ਦਾ ਸਹਾਰਾ ਤੱਕਦੇ ਹਨ, ਜਦ ਕਿ ਕਈ ਸਾਲਾਂ ਤੋਂ ਸਰਲ ਕੀਤੀ ਵੀਜ਼ਾ ਪ੍ਰਕਿਰਿਆ ਦੇ ਫਾਰਮ ਆਮ ਵਿਅਕਤੀ ਅਸਾਨੀ ਨਾਲ ਭਰ ਸਕਦਾ ਹੈ।
ਬੇਸ਼ੱਕ ਸੂਤਰਾਂ ਨੇ ਅੰਕੜਿਆਂ ਬਾਰੇ ਅਣਜਾਣਤਾ ਪ੍ਰਗਟ ਕੀਤੀ, ਪਰ ਸੰਕੇਤ ਦਿੱਤਾ ਕਿ ਰੋਜ਼ਾਨਾ ਉਨ੍ਹਾਂ ਸੈਂਕੜੇ ਗੈਰਕਨੂੰਨੀ ਲੋਕਾਂ ਦੀ ਸੂਚੀ ਵਿਭਾਗ ਤੱਕ ਪਹੁੰਚ ਰਹੀ ਹੈ, ਜਿਨ੍ਹਾਂ ਨੂੰ ਅਗਲੇ ਮਹੀਨਿਆਂ ਦੌਰਾਨ ਵਾਪਸ ਭੇਜਿਆ (ਡਿਪੋਰਟ ਕੀਤਾ) ਜਾਣਾ ਹੈ। ਮਿਹਨਤੀ, ਤਕਨੀਕੀ ਤੇ ਚੰਗੀ ਸੋਚ ਵਾਲੇ ਵਿਦਿਆਰਥੀਆਂ ਨੂੰ ਪੱਕੇ ਹੋਣ ਪੱਖੋਂ ਕੋਈ ਵੀ ਚਿੰਤਾ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਗੁਣ ਉਨ੍ਹਾਂ ਵਲੋਂ ਪੇਸ਼ ਦਸਤਾਵੇਜ਼ਾਂ ’ਚੋਂ ਹੀ ਝਲਕ ਪੈਂਦੇ ਹਨ।

Related Articles

Latest Articles