ਨਵੀਂ ਦਿੱਲੀ : ਦੋ ਮਿੰਟਾਂ ਵਿਚ ਤਿਆਰ ਹੋ ਜਾਣ ਵਾਲੇ ਨੂਡਲਜ਼ ਮੈਗੀ ਦੀਆਂ ਕੀਮਤਾਂ ਪਹਿਲੀ ਜਨਵਰੀ ਤੋਂ ਵਧ ਸਕਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਸਵਿਟਜ਼ਰਲੈਂਡ ਨੇ ਭਾਰਤ ਨਾਲ ਆਪਣੇ 1994 ਦੇ ਦੋਹਰੇ ਟੈਕਸਾਂ ਤੋਂ ਬਚਣ ਬਾਰੇ ਸਮਝੌਤੇ ਦੀ ਭਾਰਤ ਲਈ ‘ਸਭ ਤੋਂ ਵੱਧ ਪਸੰਦੀਦਾ ਮੁਲਕ’ ਬਾਰੇ ਧਾਰਾ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਤਬਦੀਲੀ 1 ਜਨਵਰੀ ਤੋਂ ਲਾਗੂ ਹੋਵੇਗੀ ਅਤੇ ਇਸ ਕਾਰਨ ਭਾਰਤ ’ਚ ਸਵਿਸ ਕੰਪਨੀਆਂ ਲਈ ਸੰਚਾਲਨ ਲਾਗਤਾਂ ਵਧ ਜਾਣਗੀਆਂ, ਜਿਨ੍ਹਾਂ ਵਿਚ ਮੈਗੀ ਦੀ ਨਿਰਮਾਤਾ ਕੰਪਨੀ ਨੈਸਲੇ ਵੀ ਸ਼ਾਮਲ ਹੈ। ਧਾਰਾ ਮੁਅੱਤਲ ਹੋਣ ਕਾਰਨ ਸਵਿਸ ਕੰਪਨੀਆਂ ਨੂੰ 5 ਫੀਸਦੀ ਦੇ ਮੁਕਾਬਲੇ ਹੁਣ 10 ਫੀਸਦੀ ਤੱਕ ਦੀ ਉੱਚ ਮੁਨਾਫਾ ਟੈਕਸ ਦਰ ਦਾ ਸਾਹਮਣਾ ਕਰਨਾ ਪਵੇਗਾ।