ਨਵੀਂ ਦਿੱਲੀ : ਵਿਧਾਨ ਸਭਾ ਚੋਣਾਂ ਲਈ ਹਾਕਮ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਆਪਣੇ ਉਮੀਦਵਾਰਾਂ ਦੀ ਅੰਤਮ ਸੂਚੀ ਵੀ ਜਾਰੀ ਕਰ ਦਿੱਤੀ, ਜਿਸ ਵਿੱਚ 38 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਨਵੀਂ ਸੂਚੀ ਮੁਤਾਬਕ ਕੇਜਰੀਵਾਲ ਆਪਣੇ ਨਵੀਂ ਦਿੱਲੀ ਹਲਕੇ ਤੋਂ ਹੀ ਲੜਨਗੇ, ਜਿੱਥੋਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਬੇਟੇ ਸੰਦੀਪ ਦੀਕਸ਼ਤ ਨੂੰ ਉਮੀਦਵਾਰ ਐਲਾਨਿਆ ਹੈ। ਕਾਲਕਾ ਜੀ ਤੋਂ ਮੁੱਖ ਮੰਤਰੀ ਆਤਿਸ਼ੀ ਨੂੰ ਮੁੜ ਉਮੀਦਵਾਰ ਬਣਾਇਆ ਗਿਆ ਹੈ। ਕਾਂਗਰਸ ਨੇ ਹੁਣ ਤਕ 21 ਉਮੀਦਵਾਰ ਐਲਾਨੇ ਹਨ।
ਕੇਜਰੀਵਾਲ ਨੇ ਕਿਹਾਪਾਰਟੀ ਪੂਰੇ ਵਿਸ਼ਵਾਸ ਅਤੇ ਪੂਰੀ ਤਿਆਰੀ ਨਾਲ ਚੋਣਾਂ ਲੜ ਰਹੀ ਹੈ। ਭਾਜਪਾ ਗਾਇਬ ਹੈ। ਉਨ੍ਹਾਂ ਕੋਲ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ, ਕੋਈ ਟੀਮ ਨਹੀਂ ਹੈ, ਕੋਈ ਯੋਜਨਾਬੰਦੀ ਨਹੀਂ ਹੈ ਅਤੇ ਦਿੱਲੀ ਲਈ ਕੋਈ ਦਿ੍ਰਸ਼ਟੀਕੋਣ ਨਹੀਂ ਹੈ। ਉਨ੍ਹਾਂ ਕੋਲ ਸਿਰਫ ਇੱਕ ਨਾਅਰਾ ਹੈ, ਸਿਰਫ ਇੱਕ ਨੀਤੀ ਹੈ ਅਤੇ ਸਿਰਫ ਇੱਕ ਮਿਸ਼ਨ ਹੈ ‘ਕੇਜਰੀਵਾਲ ਨੂੰ ਹਟਾਓ’। ਉਨ੍ਹਾਂ ਤੋਂ ਪੁੱਛੋ ਕਿ ਉਨ੍ਹਾਂ ਨੇ ਪੰਜ ਸਾਲਾਂ ਵਿੱਚ ਕੀ ਕੀਤਾ ਅਤੇ ਉਹ ਜਵਾਬ ਦਿੰਦੇ ਹਨ, ‘ਕੇਜਰੀਵਾਲ ਨੂੰ ਬਹੁਤ ਗਾਲਾਂ ਕੱਢੀਆਂ’।
ਭਾਜਪਾ ਨੇ ਹਾਲੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪਾਰਟੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਵਰਮਾ ਨੂੰ ਨਵੀਂ ਦਿੱਲੀ ’ਚ ਕੇਜਰੀਵਾਲ ਦੇ ਖਿਲਾਫ ਖੜ੍ਹਾ ਕਰਨ ਬਾਰੇ ਸੋਚ ਰਹੀ ਹੈ। ਕੇਜਰੀਵਾਲ ਨੇ ਕਈ ਮੌਕਿਆਂ ’ਤੇ ਇਨ੍ਹਾਂ ਚੋਣਾਂ ਵਿੱਚ ਕਾਂਗਰਸ ਨਾਲ ਕਿਸੇ ਵੀ ਗੱਠਜੋੜ ਤੋਂ ਇਨਕਾਰ ਕੀਤਾ ਹੈ, ਹਾਲਾਂਕਿ ਦੋਵੇਂ ਪਾਰਟੀਆਂ ਇੰਡੀਆ ਬਲਾਕ ਦਾ ਹਿੱਸਾ ਹਨ।
ਕੌਮੀ ਰਾਜਧਾਨੀ ’ਚ ਲਗਾਤਾਰ ਤੀਜੀ ਵਾਰ ਸੱਤਾ ’ਚ ਆਉਣ ਦੀ ਆਪਣੀ ਮੁਹਿੰਮ ਤਹਿਤ ‘ਆਪ’ ਨੇ ਆਪਣੇ ਸੀਨੀਅਰ ਨੇਤਾਵਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਬਾਬਰਪੁਰ ਹਲਕੇ ਤੋਂ, ਸਿਹਤ ਮੰਤਰੀ ਸੌਰਭ ਭਾਰਦਵਾਜ ਗ੍ਰੇਟਰ ਕੈਲਾਸ਼ ਤੋਂ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਮੰਤਰੀ ਰਘੁਵਿੰਦਰ ਸ਼ੌਕੀਨ ਅਤੇ ਮੁਕੇਸ਼ ਕੁਮਾਰ ਅਹਿਲਾਵਤ ਕ੍ਰਮਵਾਰ ਨਾਂਗਲੋਈ ਜਾਟ ਅਤੇ ਸੁਲਤਾਨਪੁਰ ਮਾਜਰਾ ਤੋਂ ਉਮੀਦਵਾਰ ਹੋਣਗੇ। ਆਮ ਆਦਮੀ ਪਾਰਟੀ ਨੇ ਇਸ ਵਾਰ 26 ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ ਅਤੇ ਚਾਰ ਜਣਿਆਂ ਦੇ ਹਲਕੇ ਬਦਲੇ ਹਨ। ਮਨੀਸ਼ ਸਿਸੋਦੀਆ ਪਟਪੜਗੰਜ ਦੀ ਥਾਂ ਜੰਗਪੁਰਾ, ਰਾਖੀ ਬਿੜਲਾਨ ਮੰਗੋਲਪੁਰੀ ਦੀ ਥਾਂ ਮਾਦੀਪੁਰ, ਪ੍ਰਵੀਨ ਕੁਮਾਰ ਜੰਗਪੁਰਾ ਦੀ ਥਾਂ ਜਨਕਪੁਰੀ ਤੇ ਦੁਰਗੇਸ਼ ਪਾਠਕ ਕਰਾਵਲ ਨਗਰ ਦੀ ਥਾਂ ਰਜਿੰਦਰ ਨਗਰ ਤੋਂ ਲੜਨਗੇ। ਰਜਿੰਦਰ ਨਗਰ ਤੋਂ ਰਾਘਵ ਚੱਢਾ ਜਿੱਤੇ ਸਨ ਪਰ ਬਾਅਦ ਵਿੱਚ ਰਾਜ ਸਭਾ ਦੇ ਮੈਂਬਰ ਬਣ ਗਏ ਸਨ। ਪਟਪੜਗੰਜ ਤੋਂ ਨਵੇਂ ਉਮੀਦਵਾਰ ਅਵਧ ਓਝਾ ਚੋਣ ਲੜਨਗੇ। ਕਾਂਗਰਸ ਨੇ ਪਟਪੜਗੰਜ ਤੋਂ ਅਨਿਲ ਕੁਮਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਕੌਂਸਲਰ ਪਤਨੀ ਸਮੇਤ ਭਾਜਪਾ ਤੋਂ ‘ਆਪ’ ਵਿੱਚ ਸ਼ਾਮਲ ਹੋਏ ਰਮੇਸ਼ ਪਹਿਲਵਾਨ ਨੂੰ ਕਸਤੂਰਬਾ ਨਗਰ ਸੀਟ ਤੋਂ ਟਿਕਟ ਦਿੱਤੀ ਗਈ। ਵਿਧਾਇਕ ਮਦਨ ਲਾਲ ਦੀ ਟਿਕਟ ਕੱਟੀ ਗਈ ਹੈ। ਇਸ ਦੇ ਨਾਲ ਹੀ ਗੈਂਗਸਟਰਾਂ ਨਾਲ ਸੰਬੰਧਾਂ ਦੇ ਦੋਸ਼ ’ਚ ਜੇਲ੍ਹ ’ਚ ਬੰਦ ਉੱਤਮ ਨਗਰ ਦੇ ਵਿਧਾਇਕ ਨਰੇਸ਼ ਬਲਿਆਨ ਦੀ ਪਤਨੀ ਪੂਜਾ ਨਰੇਸ਼ ਬਲਿਆਨ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਪਿਛਲੀਆਂ 2020 ਦੀਆਂ ਚੋਣਾਂ ’ਚ ਆਪ ਨੇ 70 ਵਿੱਚੋਂ 62 ਸੀਟਾਂ ਜਿੱਤੀਆਂ ਸਨ।