16.2 C
Jalandhar
Monday, December 23, 2024
spot_img

‘ਰੰਗਲਾ ਪੰਜਾਬ’ ਬਣਾਉਣ ਲਈ ਸੂਬਾ ਸਰਕਾਰ ਵਚਨਬੱਧ : ਭਗਵੰਤ ਮਾਨ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਨੇ ‘ਰੰਗਲਾ ਪੰਜਾਬ’ ਬਣਾਉਣ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਨੂੰ ਬੇਰੋਜ਼ਗਾਰੀ, ਭਿ੍ਰਸ਼ਟਾਚਾਰ, ਫਿਰਕੂਪੁਣੇ ਅਤੇ ਹੋਰ ਸਮਾਜਿਕ ਪੱਖਪਾਤ ਵਰਗੀਆਂ ਬੁਰਾਈਆਂ ਵਿਰੁੱਧ ਜੰਗ ਵਿੱਢਣ ਦਾ ਸੱਦਾ ਦਿੱਤਾ ਹੈ।
ਸੁਤੰਤਰਤਾ ਦਿਵਸ ਮੌਕੇ ਸੂਬਾ ਪੱਧਰੀ ਸਮਾਰੋਹ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਖੇ ਕੌਮੀ ਝੰਡਾ ਲਹਿਰਾਉਣ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਰਾਮ ਸਿੰਘ, ਸ਼ਹੀਦ-ਏ-ਆਜ਼ਮ ਭਗਤ ਸਿੰਘ, ਸ਼ਹੀਦ ਰਾਜਗੁਰੂ, ਸ਼ਹੀਦ ਸੁਖਦੇਵ, ਲਾਲਾ ਲਾਜਪਤ ਰਾਏ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਦੀਵਾਨ ਸਿੰਘ ਕਾਲੇਪਾਣੀ ਅਤੇ ਕਈ ਹੋਰ ਸੁਤੰਤਰਤਾ ਸੰਗਰਾਮੀਆਂ ਨੇ ਸਾਡੇ ਲਈ ਮੁਲਕ ਨੂੰ ਆਜ਼ਾਦ ਕਰਵਾਉਣ ਲਈ ਆਪਣਾ ਖ਼ੂਨ ਡੋਲ੍ਹਿਆ। ਮੁੱਖ ਮੰਤਰੀ ਨੇ ਅਫਸੋਸ ਪ੍ਰਗਟਾਇਆ ਕਿ ਕੁੱਝ ਲੋਕ, ਮਹਾਨ ਸੁਤੰਤਰਤਾ ਸੰਗਰਾਮੀਆਂ ਦੇ ਮਾਤ-ਭੂਮੀ ਲਈ ਪਾਏ ਯੋਗਦਾਨ ਉਤੇ ਸਵਾਲ ਖੜ੍ਹੇ ਕਰ ਰਹੇ ਹਨ।
ਮੁੱਖ ਮੰਤਰੀ ਨੇ ਝੋਰਾ ਪ੍ਰਗਟਾਇਆ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਵਰਗੇ ਮਹਾਨ ਕੌਮੀ ਨਾਇਕਾਂ ਤੇ ਸੁਤੰਤਰਤਾ ਸੰਗਰਾਮੀਆਂ ਦੇ ਸੁਪਨੇ ਅਜੇ ਵੀ ਅਧੂਰੇ ਹਨ। ਮਾਨ ਨੇ ਕਿਹਾ ਕਿ ਰੋਜ਼ਗਾਰ ਦੇ ਨਵੇਂ ਮੌਕੇ ਸਿਰਜੇ ਜਾਣਗੇ ਅਤੇ ਰੰਗਲਾ ਪੰਜਾਬ ਬਣਾ ਕੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕੀਤੀ ਜਾਵੇਗੀ। ਮਾਨ ਨੇ ਚਾਂਦ ਸਿਨੇਮਾ ਨੇੜੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤਾ। ਉਨ੍ਹਾ ਕਿਹਾ ਕਿ ਵੱਡੇ ਪਿੰਡਾਂ ਵਿਚ ਅਜਿਹੇ ਦੋ-ਦੋ ਕਲੀਨਿਕ ਖੋਲ੍ਹੇ ਜਾਣਗੇ। ਪਹਿਲੇ ਪੜਾਅ ਵਿਚ ਅਜਿਹੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰੀ ਤੇ ਪੇਂਡੂ ਇਲਾਕਿਆਂ ’ਚ ਇਨ੍ਹਾਂ ਕਲੀਨਿਕਾਂ ਦੇ ਸਥਾਪਤ ਹੋਣ ਨਾਲ ਉਨ੍ਹਾ ਦੀ ਸਰਕਾਰ ਨੇ ਆਪਣੀ ਇਕ ਹੋਰ ਵੱਡੀ ਚੋਣ ਗਾਰੰਟੀ ਪੂਰੀ ਕਰ ਦਿੱਤੀ ਹੈ।
3600 ਸਫਾਈ ਕਰਮਚਾਰੀਆਂ/ਸਫਾਈ ਮਿੱਤਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪੱਕਾ ਕਰਨ ਦੇ ਪੱਤਰ ਵੰਡੇ। ਮੁੱਖ ਮੰਤਰੀ ਨੇ ਲੁਧਿਆਣਾ ਪੁਲਸ ਕਮਿਸ਼ਨਰੇਟ ਦੀ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ। ਇਸ ਉਤੇ ਲੋਕ ਆਪਣੀਆਂ ਸ਼ਿਕਾਇਤਾਂ ਆਨਲਾਈਨ ਦਰਜ ਕਰਵਾ ਸਕਣਗੇ, ਜਿਸ ਤੋਂ ਬਾਅਦ ਉਹ ਘਰ ਬੈਠੇ ਇਨ੍ਹਾਂ ਸ਼ਿਕਾਇਤਾਂ ਉਤੇ ਹੋਈ ਕਾਰਵਾਈ ਉਤੇ ਨਜ਼ਰ ਰੱਖ ਸਕਣਗੇ ਤੇ ਰਿਪੋਰਟ ਹਾਸਲ ਕਰ ਸਕਣਗੇ। ਮੁੱਖ ਮੰਤਰੀ ਨੇ ਵੱਖ-ਵੱਖ ਖੇਤਰਾਂ ’ਚ ਲਾਮਿਸਾਲ ਯੋਗਦਾਨ ਪਾਉਣ ਵਾਲੀਆਂ 7 ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸਟੇਟ ਐਵਾਰਡ ਹਾਸਲ ਕਰਨ ਵਾਲਿਆਂ ’ਚ ਉੱਘੇ ਪੱਤਰਕਾਰ, ਸਿੱਖਿਆ ਸ਼ਾਸਤਰੀ ਤੇ ਪਦਮਸ੍ਰੀ ਜਗਜੀਤ ਸਿੰਘ ਦਰਦੀ (ਪਟਿਆਲਾ), ਸਮਾਜ ਸੇਵਾ ਤੇ ਆਸਰਾ ਵੈੱਲਫੇਅਰ ਸੁਸਾਇਟੀ ਦੇ ਮੁਖੀ ਰਮੇਸ਼ ਕੁਮਾਰ ਮਹਿਤਾ (ਬਠਿੰਡਾ), ਉੱਘੀ ਥੀਏਟਰ ਸ਼ਖ਼ਸੀਅਤ ਪ੍ਰਾਨ ਸੱਭਰਵਾਲ (ਪਟਿਆਲਾ), ਸੰਗੀਤਕਾਰ ਤੇ ਗਾਇਕ ਹਰਗੁਨ ਕੌਰ (ਅੰਮਿ੍ਰਤਸਰ), ਟਰੈਕਟਰ ਮੈਨੂੰਫੈਕਚਰਰ ਤੇ ਕਾਰੋਬਾਰੀ ਅਮਰਜੀਤ ਸਿੰਘ (ਪਟਿਆਲਾ), ਸ਼ਾਟ-ਪੁਟਰ ਜੈਸਮੀਨ ਕੌਰ ਤੇ ਸੀਨੀਅਰ ਕੰਸਲਟੈਂਟ ਈ-ਗਵਰਨੈਂਸ ਮਿਸ਼ਨ ਟੀਮ (ਪ੍ਰਸ਼ਾਸਨਿਕ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ) ਜਸਮਿੰਦਰ ਸਿੰਘ (ਮੋਹਾਲੀ) ਸ਼ਾਮਲ ਹਨ।

Related Articles

LEAVE A REPLY

Please enter your comment!
Please enter your name here

Latest Articles