ਨਵੀਂ ਦਿੱਲੀ : ਇੰਡੀਆ ਗੱਠਜੋੜ ਨੇ ਸ਼ੁੱਕਰਵਾਰ ਵਿਜੇ ਚੌਕ ਤੋਂ ਸੰਸਦ ਤੱਕ ਰੋਸ ਮਾਰਚ ਕੱਢਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਡਾ. ਬੀ ਆਰ ਅੰਬੇਡਕਰ ਬਾਰੇ ਕੀਤੀ ਗਈ ਟਿੱਪਣੀ ’ਤੇ ਮੁਆਫੀ ਮੰਗਣ ਅਤੇ ਅਸਤੀਫੇ ਦੀ ਮੰਗ ਕੀਤੀ। ਉਸ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਿਰੁੱਧ ਦਾਇਰ ਐੱਫ ਆਈ ਆਰ ਦੀ ਵੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸ਼ਾਹ ਦੀਆਂ ਟਿੱਪਣੀਆਂ ਤੋਂ ਧਿਆਨ ਹਟਾਉਣ ਲਈ ਭਾਜਪਾ ਵੱਲੋਂ ਇਕ ਚਾਲ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਮੁੱਖ ਮੁੱਦਾ ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ’ਤੇ ਆਪਣੀ ਅਸਵੀਕਾਰਯੋਗ ਟਿੱਪਣੀ ਲਈ ਮੁਆਫੀ ਮੰਗਣਾ ਹੈ।
ਅਡਾਨੀ ਸਮੂਹ ਖਿਲਾਫ ਪਟੀਸ਼ਨ ਰੱਦ
ਮੁੰਬਈ : ਬੰਬੇ ਹਾਈ ਕੋਰਟ ਨੇ ਸ਼ੁੱਕਰਵਾਰ ਧਾਰਾਵੀ ਪੁਨਰ ਵਿਕਾਸ ਪ੍ਰੋਜੈਕਟ ਲਈ ਅਡਾਨੀ ਸਮੂਹ ਨੂੰ ਦਿੱਤੇ ਗਏ ਟੈਂਡਰ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨਕਰਤਾ ਪ੍ਰਾਈਵੇਟ ਫਰਮ ਨੇ ਨਵੇਂ ਟੈਂਡਰ ਕੱਢਣ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਅਡਾਨੀ ਸਮੂਹ ਨੂੰ ਮਹੱਤਵਪੂਰਨ ਰਾਹਤ ਦਿੰਦੇ ਹੋਏ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਭਾਰਤ ਦੇ ਸਭ ਤੋਂ ਵੱਡੇ ਸ਼ਹਿਰੀ ਨਵੀਨੀਕਰਨ ਪ੍ਰੋਜੈਕਟਾਂ ਵਿੱਚੋਂ ਧਾਰਾਵੀ ਰੀਡਿਵੈਲਪਮੈਂਟ ਪ੍ਰੋਜੈਕਟ ਵਿਵਾਦਾਂ ’ਚ ਹੈ।