11.5 C
Jalandhar
Saturday, December 21, 2024
spot_img

ਓਮ ਪ੍ਰਕਾਸ਼ ਚੌਟਾਲਾ ਦਾ ਦੇਹਾਂਤ

ਸਿਰਸਾ (ਸੁਰਿੰਦਰਪਾਲ ਸਿੰਘ)
ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਪ੍ਰਧਾਨ ਤੇ ਪੰਜ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ (89) ਦਾ ਸ਼ੁੱਕਰਵਾਰ ਮੇਦਾਂਤਾ ਹਸਪਤਾਲ ਵਿਚ ਦੇਹਾਂਤ ਹੋ ਗਿਆ। ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨੂੰ ਘਰ ਵਿੱਚ ਦਿਲ ਦਾ ਦੌਰਾ ਪੈਣ ’ਤੇ ਬਿਨਾਂ ਦੇਰੀ ਦੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾ ਨੂੰ ਨਹੀਂ ਬਚਾਇਆ ਜਾ ਸਕਿਆ। ਉਨ੍ਹਾ ਦੁਪਹਿਰੇ 12 ਵਜੇ ਆਖਰੀ ਸਾਹ ਲਏ। ਚੌਟਾਲਾ ਕੁਝ ਸਮੇਂ ਤੋਂ ਉਮਰ ਨਾਲ ਜੁੜੇ ਸਿਹਤ ਵਿਗਾੜਾਂ ਨਾਲ ਜੂਝ ਰਹੇ ਸਨ। ਉਨ੍ਹਾ ਦੇ ਦੋ ਪੁੱਤਰ ਤੇ ਤਿੰਨ ਧੀਆਂ ਹਨ। ਪਤਨੀ ਸਨੇਹ ਲਤਾ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ। ਚੌਟਾਲਾ ਦਾ ਜਨਮ 1 ਜਨਵਰੀ 1935 ਨੂੰ ਹੋਇਆ ਸੀ। ਉਹ ਪਹਿਲੀ ਵਾਰ 2 ਦਸੰਬਰ 1989 ਤੋਂ 22 ਮਈ 1990 ਤੱਕ ਮੁੱਖ ਮੰਤਰੀ ਰਹੇ। ਉਹ ਕੌਮੀ ਪੱਧਰ ਉੱਤੇ ਐੱਨ ਡੀ ਏ ਅਤੇ ਤੀਸਰੇ ਮੋਰਚੇ ਦਾ ਹਿੱਸਾ ਵੀ ਰਹੇ। ਚੌਟਾਲਾ, ਉਨ੍ਹਾ ਦੇ ਪੁੱਤਰ ਅਜੈ ਚੌਟਾਲਾ ਤੇ ਆਈ ਏ ਐੈੱਸ ਅਧਿਕਾਰੀ ਸੰਜੀਵ ਕੁਮਾਰ ਨੂੰ ਸਾਲ 2000 ਦੇ ਸਿੱਖਿਆ ਭਰਤੀ ਘੁਟਾਲੇ ’ਚ ਦੋੋਸ਼ੀ ਠਹਿਰਾਏ ਜਾਣ ਮਗਰੋਂ 2013 ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਤਿਹਾੜ ਜੇਲ੍ਹ ਵਿੱਚ ਸਭ ਤੋਂ ਬਜ਼ੁਰਗ ਕੈਦੀ ਦੇ ਰੂਪ ਵਿਚ ਰਹੇ। ਬਾਅਦ ਵਿਚ ਚੌਟਾਲਾ ਨੂੰ 2021 ਵਿੱਚ ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਸੀ। ਉਨ੍ਹਾ ਦਾ ਛੋਟਾ ਪੁੱਤਰ ਅਭੈ ਸਿੰਘ ਚੌਟਾਲਾ ਇਨੈਲੋ ਦਾ ਸੀਨੀਅਰ ਆਗੂ ਹੈ, ਜਦੋਂ ਕਿ ਵੱਡਾ ਪੁੱਤਰ ਤੇ ਸਾਬਕਾ ਐੱਮ ਪੀ ਅਜੈ ਸਿੰਘ ਚੌਟਾਲਾ ਜਨਨਾਇਕ ਜਨਤਾ ਪਾਰਟੀ (ਜੇੇ ਜੇ ਪੀ) ਦਾ ਮੁਖੀ ਹੈ। ਦਸੰਬਰ 2018 ਵਿਚ ਪਰਵਾਰਕ ਫੁੱਟ ਤੋਂ ਬਾਅਦ ਇਸ ਪਾਰਟੀ ਦਾ ਜਨਮ ਹੋਇਆ ਸੀ। ਅਭੈ ਦਾ ਬੇਟਾ ਅਰਜੁਨ ਹਰਿਆਣਾ ਤੋਂ ਵਿਧਾਇਕ ਹੈ ਜਦਕਿ ਅਜੈ ਚੌਟਾਲਾ ਦੇ ਪੁੱਤਰ ਦੁਸ਼ਯੰਤ ਅਤੇ ਦਿਗਵਿਜੈ ਜੇ ਜੇ ਪੀ ਨੇਤਾ ਹਨ। ਦੁਸ਼ਯੰਤ ਚੌਟਾਲਾ ਹਰਿਆਣਾ ਵਿੱਚ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਵੀ ਰਿਹਾ।

Related Articles

Latest Articles