ਨਵੀਂ ਦਿੱਲੀ : ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਮੁਕੱਦਮਾ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਹੈ। ਉਪ ਰਾਜਪਾਲ ਨੇ ਇਹ ਫੈਸਲਾ 2025 ਦੀਆਂ ਦਿੱਲੀ ਅਸੈਂਬਲੀ ਚੋਣਾਂ ਤੋਂ ਪਹਿਲਾਂ ਲਿਆ ਹੈ, ਜੋ ਸਿਆਸੀ ਤੇ ਕਾਨੂੰਨੀ ਵਿਵਾਦਾਂ ਦਾ ਕਾਰਨ ਬਣ ਸਕਦਾ ਹੈ। ਦਿੱਲੀ ਸਰਕਾਰ ਦੀ ਵਿਵਾਦਤ ਆਬਕਾਰੀ ਨੀਤੀ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀ ਜਾਂਚ ਮਗਰੋਂ ਈ ਡੀ ਨੇ 5 ਦਸੰਬਰ ਨੂੰ ਕੇਜਰੀਵਾਲ ਖਿਲਾਫ ਮੁਕੱਦਮੇ ਦੀ ਮਨਜ਼ੂਰੀ ਮੰਗੀ ਸੀ। ਕੇਜਰੀਵਾਲ ਉੱਤੇ ਦੋਸ਼ ਹੈ ਕਿ ਉਨ੍ਹਾ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਤੇ ਭਿ੍ਰਸ਼ਟਾਚਾਰ ਨੂੰ ਹੱਲਾਸ਼ੇਰੀ ਦੇਣ ਦੇ ਇਰਾਦੇ ਨਾਲ ਇਹ ਯੋਜਨਾ ਤਿਆਰ ਕੀਤੀ ਸੀ। ਈ ਡੀ ਮੁਤਾਬਕ ਆਬਕਾਰੀ ਨੀਤੀ ਵਿੱਚ ਜਾਣਬੁੱਝ ਕੇ ਕਮੀਆਂ ਛੱਡੀਆਂ ਗਈਆਂ, ਜਿਸ ਨਾਲ ‘ਆਪ’ ਆਗੂਆਂ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਲਈ ਗਈ।