ਪੰਜਾਬ ਦੇ 3 ਦਹਿਸ਼ਤਗਰਦ ਪੀਲੀਭੀਤ ’ਚ ਮਾਰੇ ਗਏ

0
110

ਪੀਲੀਭੀਤ/ਚੰਡੀਗੜ੍ਹ (�ਿਸ਼ਨ ਗਰਗ)
ਗਰਨੇਡ ਹਮਲਿਆਂ ’ਚ ਕਥਿਤ ਤੌਰ ’ਤੇ ਸ਼ਾਮਲ ਤਿੰਨ ਸ਼ੱਕੀ ਦਹਿਸ਼ਤਗਰਦ ਸੋਮਵਾਰ ਤੜਕੇ ਪੀਲੀਭੀਤ ਦੇ ਪੂਰਨਪੁਰ ਖੇਤਰ ’ਚ ਯੂ ਪੀ ਅਤੇ ਪੰਜਾਬ ਪੁਲਸ ਦੀ ਸਾਂਝੀ ਟੀਮ ਨਾਲ ਹੋਏ ਮੁਕਾਬਲੇ ’ਚ ਮਾਰੇ ਗਏ। ਇਸ ਨੂੰ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ ਜ਼ੈੱਡ ਐੱਫ) ਮਡਿਊਲ ਖਿਲਾਫ ਪੁਲਸ ਦੀ ਵੱਡੀ ਸਫਲਤਾ ਕਰਾਰ ਦਿੱਤਾ ਹੈ। ਇਹ ਮਡਿਊਲ ਪੰਜਾਬ ਦੇ ਸਰਹੱਦੀ ਖੇਤਰਾਂ ’ਚ ਪੁਲਸ ਟਿਕਾਣਿਆਂ ’ਤੇ ਗਰਨੇਡ ਹਮਲਿਆਂ ’ਚ ਸ਼ਾਮਲ ਸੀ। ਮਾਰੇ ਜਾਣ ਵਾਲਿਆਂ ਦੀ ਪਛਾਣ ਗੁਰਵਿੰਦਰ ਸਿੰਘ (25), ਵਰਿੰਦਰ ਸਿੰਘ ਉਰਫ ਰਵੀ (23) ਅਤੇ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ (18) ਵਜੋਂ ਹੋਈ ਹੈ। ਤਿੰਨੋਂ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡਾਂ ਦੇ ਸਨ।
ਯੂ ਪੀ ਦੇ ਐਡੀਸ਼ਨਲ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਅਮਿਤਾਭ ਯਸ਼ ਨੇ ਕਿਹਾ ਕਿ ਮੁਕਾਬਲੇ ’ਚ ਤਿੰਨੋਂ ਗੰਭੀਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸੀ ਐੱਚ ਸੀ ਪੂਰਨਪੁਰ ਲਿਜਾਇਆ ਗਿਆ, ਜਿਥੇ ਉਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਉਨ੍ਹਾਂ ਕੋਲੋਂ ਦੋ ਏ ਕੇ 47 ਰਾਈਫਲਾਂ, ਦੋ ਗਲਾਕ ਪਿਸਤੌਲ ਅਤੇ ਵੱਡੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਹੋਇਆ ਹੈ।
ਬਟਾਲਾ ਅਤੇ ਗੁਰਦਾਸਪੁਰ ਪੁਲਸ ਕਰੀਬ ਪੰਦਰਾਂ ਦਿਨਾਂ ਤੋਂ ਸਰਹੱਦੀ ਖੇਤਰ ਦੇ ਥਾਣਿਆਂ/ਚੌਕੀਆਂ ਉਤੇ ਬੰਬਨੁਮਾ ਚੀਜ਼ ਨਾਲ ਕੀਤੇ ਧਮਾਕਿਆਂ ਲਈ ਜ਼ਿੰਮੇਵਾਰ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਸੀ। ਅੰਮਿ੍ਰਤਸਰ ਦੇ ਇਸਲਾਮਾਬਾਦ ਥਾਣੇ ਬਾਹਰ ਧਮਾਕਾ ਕਰਨ ਦੀ ਜ਼ਿੰਮੇਵਾਰੀ ਵੀ ਡੇਰਾ ਬਾਬਾ ਨਾਨਕ ਖੇਤਰ ਦੇ ਇੱਕ ਪਿੰਡ ਦੇ ਨੌਜਵਾਨ ਜੀਵਨ ਫੌਜੀ ਨੇ ਲਈ ਸੀ। ਗੁਰਵਿੰਦਰ ਸਿੰਘ ਕੁਝ ਸਾਲਾਂ ਤੋਂ ਕਲਾਨੌਰ ਵਿੱਚ ਰਹਿ ਰਿਹਾ ਸੀ। ਗੋਦ ਲਿਆ ਗਿਆ ਗੁਰਵਿੰਦਰ ਸਿੰਘ ਲੁੱਟ-ਖੋਹ ਦੀਆਂ ਛੋਟੀਆਂ-ਮੋਟੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਸੀ, ਜਿਸ ’ਤੇ ਕੇਸ ਵੀ ਦਰਜ ਹਨ। ਕੁਝ ਸਾਲ ਪਹਿਲਾਂ ਇੱਕ ਨੌਜਵਾਨ ਦੀ ਨਹਿਰ ’ਚ ਡੁੱਬ ਕੇ ਮੌਤ ਹੋਣ ਮਗਰੋਂ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਹ ਜ਼ਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। ਇਸ ਤੋਂ ਬਾਅਦ ਉਹ ਕਲਾਨੌਰ ’ਚ ਇਕੱਲਾ ਰਹਿਣ ਲੱਗਾ। ਸੂਤਰਾਂ ਨੇ ਦੱਸਿਆ ਕਿ ਮਰਨ ਵਾਲਿਆਂ ਦਾ ਇਕ ਰਿਸ਼ਤੇਦਾਰ ਪੀਲੀਭੀਤ ’ਚ ਰਹਿੰਦਾ ਹੈ।
ਪਿੰਡ ਅਗਵਾਨ ਦੇ ਵਰਿੰਦਰ ਸਿੰਘ ਉਰਫ ਰਵੀ ਪੁੱਤਰ ਡਾਕਟਰ ਰਣਜੀਤ ਸਿੰਘ ਦਾ ਇੱਕ ਭਰਾ ਤੇ ਦੋ ਭੈਣਾਂ ਹਨ। ਨਿੱਕਾ ਸ਼ਹੂਰ ਦੇ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਸਿੰਘ ਦੀ ਮਾਂ ਨੇ ਦੱਸਿਆ ਕਿ ਉਹ ਹਫਤਾ ਪਹਿਲਾਂ ਟਰੱਕ ’ਤੇ ਡਰਾਈਵਰੀ ਕਰਨ ਲਈ ਗਿਆ ਸੀ, ਜਦਕਿ ਇਸ ਦੌਰਾਨ ਬਖਸ਼ੀਵਾਲ ਅਤੇ ਵਡਾਲਾ ਬਾਂਗਰ ’ਚ ਧਮਾਕੇ ਹੋਣ ਤੋਂ ਬਾਅਦ ਕੋਈ ਪੁਲਸ ਕਰਮਚਾਰੀ ਉਨ੍ਹਾਂ ਦੇ ਘਰ ਨਹੀਂ ਪੁੱਜਾ, ਪਰ ਹੁਣ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਜਸ਼ਨਪ੍ਰੀਤ ਨੂੰ ਪੁਲਸ ਨੇ ਮੁਕਾਬਲੇ ’ਚ ਮਾਰ ਦਿੱਤਾ ਹੈ। ਉਸ ਨੇ ਰੋਂਦਿਆਂ ਦੋਸ਼ ਲਾਇਆ ਕਿ ਉਸ ਨੂੰ ਝੂਠੇ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਜਸ਼ਨਪ੍ਰੀਤ ਦਾ ਤਿੰਨ ਮਹੀਨੇ ਪਹਿਲਾਂ ਗੁਰਪ੍ਰੀਤ ਕੌਰ ਵਾਸੀ ਅਗਵਾਨ ਨਾਲ ਵਿਆਹ ਹੋਇਆ ਸੀ।