ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਰਾਹੀਂ ਕਿਸਾਨਾਂ ਨਾਲ ਹੋਰ ਨਾਇਨਸਾਫੀ ਨਾ ਕਰੇ ਅਤੇ ਕਿਸਾਨ ਭਾਈਚਾਰੇ ਨਾਲ ਕੀਤੇ ਆਪਣੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰੇ। ਖੜਗੇ ਨੇ ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਉਨ੍ਹਾ ਦੀ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀ ਭੇਟ ਕਰਨ ਸਮੇਂ ਕਹੀ। ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਨੂੰ ‘ਕਿਸਾਨ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਖੜਗੇ ਨੇ ‘ਐੱਕਸ’ ਉੱਤੇ ਲਿਖਿਆਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਸਰਕਾਰ ਆਪਣੀ ਜ਼ਿੱਦ ਅਤੇ ਕਿਸਾਨ ਵਿਰੋਧੀ ਨੀਤੀਆਂ ਨਾਲ ਸਾਡੇ ਕਿਸਾਨਾਂ ਨਾਲ ਹੋਰ ਬੇਇਨਸਾਫੀ ਨਹੀਂ ਕਰੇਗੀ ਅਤੇ ਆਪਣੇ ਪੁਰਾਣੇ ਵਾਅਦੇ ਪੂਰੇ ਕਰੇਗੀ। ਰਾਹੁਲ ਗਾਂਧੀ ਨੇ ਵੀ ਕਿਸਾਨਾਂ ਨੂੰ ‘ਕਿਸਾਨ ਦਿਵਸ’ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾਦੇਸ਼ ਦੇ ਸਾਰੇ ਅੰਨਦਾਤਿਆਂ ਨੂੰ ਸਤਿਕਾਰਤ ਸਲਾਮ, ਜਿਨ੍ਹਾਂ ਦੀ ਸਖਤ ਮਿਹਨਤ ਸਾਡੇ ਦੇਸ਼ ਨੂੰ ਖੁਸ਼ਹਾਲ ਬਣਾਉਂਦੀ ਹੈ। ਅਸੀਂ ਕਿਸਾਨਾਂ ਦੇ ਇਸ ਮਹਾਨ ਯੋਗਦਾਨ ਲਈ ਧੰਨਵਾਦੀ ਹਾਂ ਅਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਸਤਿਕਾਰ ਦੀ ਰਾਖੀ ਲਈ ਹਮੇਸ਼ਾ ਤਿਆਰ ਹਾਂ।


