ਪੰਚਕੂਲਾ : ਸੋਮਵਾਰ ਤੜਕੇ 3 ਵਜੇ ਮੋਰਨੀ-ਥਪਲੀ ਰੋਡ ਸਥਿਤ ਸਲਤਨਤ ਹੋਟਲ ਦੀ ਪਾਰਕਿੰਗ ’ਚ ਐੱਸ ਯੂ ਵੀ ’ਤੇ ਤਾਬੜਤੋੜ ਫਾਇਰਿੰਗ ਕਰਕੇ ਦਿੱਲੀ ਦੇ ਦੋ ਨੌਜਵਾਨਾਂ ਤੇ ਹਿਸਾਰ ਕੈਂਟ ਦੀ ਇਕ ਕੁੜੀ ਨੂੰ ਮਾਰ ਦਿੱਤਾ ਗਿਆ। ਹਮਲਾਵਰਾਂ ਨੇ ਲਗਭਗ 15-16 ਗੋਲੀਆਂ ਚਲਾਈਆਂ। ਮਰਨ ਵਾਲਿਆਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ। ਇਨ੍ਹਾਂ ਦੀ ਪਛਾਣ ਦਿੱਲੀ ਦੇ ਵਿੱਕੀ ਤੇ ਵਿਪਨ ਅਤੇ ਹਿਸਾਰ ਕੈਂਟ ਦੀ ਨੀਆ ਵਜੋਂ ਹੋਈ ਹੈ। ਵਿੱਕੀ ਤੇ ਵਿਪਨ ਮਾਮਾ-ਭਾਣਜਾ ਸਨ। ਪੁਲਸ ਮਾਮਲੇ ਨੂੰ ਗੈਂਗਵਾਰ ਨਾਲ ਜੋੜ ਕੇ ਵੀ ਦੇਖ ਰਹੀ ਹੈ। ਜ਼ੀਰਕਪੁਰ ਦੇ ਅਨਿਲ ਭਾਰਦਵਾਜ ਨੇ ਐਤਵਾਰ ਰਾਤ ਅੱਠ-ਦਸ ਦੋਸਤਾਂ ਨੂੰ ਆਪਣੇ ਜਨਮ ਦਿਨ ਦੀ ਪਾਰਟੀ ’ਤੇ ਬੁਲਾਇਆ ਸੀ। ਪਾਰਟੀ ਤੋਂ ਬਾਅਦ ਜਿਵੇਂ ਹੀ ਸਾਰੇ ਦੋਸਤ ਹੋਟਲ ਦੀ ਪਾਰਕਿੰਗ ’ਚ ਪਹੁੰਚੇ ਤਾਂ ਇਕ ਕਾਰ ’ਚ ਸਵਾਰ ਕੁਝ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸਲਤਨਤ ਹੋਟਲ ਦੇ ਮੈਨੇਜਰ ਮਨਿਲ ਮੋਂਗੀਆ ਅਤੇ ਕਰਮਚਾਰੀ ਮੌਕੇ ਤੋਂ ਫਰਾਰ ਹਨ। ਪੁਲਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਵਿੱਕੀ ਹਮਲਾਵਰਾਂ ਦਾ ਟਾਰਗੈਟ ਸੀ। ਵਿੱਕੀ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ।



