ਨਸ਼ੇ ਲਈ ਪਿਸਤੌਲ ਕਿਰਾਏ ’ਤੇ ਦੇਣ ਵਾਲਾ ਏ ਐੱਸ ਆਈ ਗਿ੍ਰਫ਼ਤਾਰ

0
108

ਅੰਮਿ੍ਰਤਸਰ : ਪੰਜਾਬ ਪੁਲਸ ਨੇ ਤਰਨ ਤਾਰਨ ਕੋਲ ਬੁੱਧਵਾਰ ਗੋਲੀਬਾਰੀ ਤੋਂ ਬਾਅਦ ਪੁਲਸ ਅਧਿਕਾਰੀ ਸਮੇਤ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਯਾਦਵਿੰਦਰ ਸਿੰਘ, ਕੁਲਦੀਪ ਸਿੰਘ ਦੋਵੇਂ ਵਾਸੀ ਰੂੜੀਵਾਲਾ, ਪ੍ਰਭਦੀਪ ਸਿੰਘ ਤੇ ਪਵਨਦੀਪ ਸਿੰਘ ਵਾਸੀ ਸਰਹਾਲੀ ਕਲਾਂ ਵਜੋਂ ਹੋਈ ਹੈ। ਅਧਿਕਾਰੀਆਂ ਮੁਤਾਬਕ ਗੈਂਗਸਟਰਾਂ ਨੇ ਦੱਸਿਆ ਕਿ ਏ ਐੱਸ ਆਈ ਪਵਨਦੀਪ ਸਿੰਘ ਨਸ਼ੇ ਦੀ ਲੋੜ ਪੂਰੀ ਕਰਨ ਲਈ ਉਨ੍ਹਾਂ ਨੂੰ ਵਾਰਦਾਤਾਂ ਕਰਨ ਲਈ ਪਿਸਤੌਲ ਕਿਰਾਏ ’ਤੇ ਦਿੰਦਾ ਸੀ। ਪੁਲਸ ਨੇ ਜ਼ਿੰਦਾ ਕਾਰਤੂਸ ਦੇ ਨਾਲ ਪਿਸਤੌਲ ਵੀ ਬਰਾਮਦ ਕੀਤਾ ਹੈ। ਪੁਲਸ ਅਨੁਸਾਰ ਲਖਬੀਰ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਤਰਨ ਤਾਰਨ ਦੇ ਰੂੜੀਵਾਲਾ ਦੇ ਵੀਰ ਸਿੰਘ ਦੇ ਗੇਟ ’ਤੇ ਗੋਲੀਆਂ ਚਲਾਈਆਂ ਅਤੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਫੜੇ ਜਾਣ ਵਾਲੇ ਲੰਡਾ ਹਰੀਕੇ ਗੈਂਗ ਦੇ ਹਨ। ਤਕਨੀਕੀ ਪਹਿਲੂਆਂ ਅਤੇ ਮਨੁੱਖੀ ਸੂਝ-ਬੂਝ ਦੇ ਆਧਾਰ ’ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਵਾਂ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਅਤੇ ਉਨ੍ਹਾਂ ਨੂੰ ਗਿ੍ਰਫਤਾਰ ਕਰਨ ਲਈ ਜਾਲ ਵਿਛਾਇਆ ਗਿਆ ਸੀ। ਇਸ ਦੌਰਾਨ ਸ਼ੂਟਰਾਂ ਨੇ ਪੁਲਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ ਅਤੇ ਜਵਾਬੀ ਕਾਰਵਾਈ ’ਚ ਯਾਦਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਉਰਫ ਲੱਡੂ ਜ਼ਖਮੀ ਹੋ ਗਏ। ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਦੋ ਹੋਰ ਫੜੇ ਗਏ।