ਗੁਰਸ਼ਰਨ ਭਾਅ ਜੀ ਦਾ ਜਨਮ ਦਿਹਾੜਾ ਸਮਾਗਮ 16 ਨੂੰ

0
2

ਜਲੰਧਰ (ਨ ਜ਼ ਸ)-ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਦੇ ਮੋਢੀ ਸਿਰਜਕ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੇ 16 ਸਤੰਬਰ ਨੂੰ ਜਨਮ ਦਿਹਾੜੇ ‘ਤੇ ਨਾਟਕ, ਗੀਤ-ਸੰਗੀਤ ਅਤੇ ਕਲਾ ਪ੍ਰੇਮੀਆਂ ਦੀ ਮਿਲਣੀ ਹੋਵੇਗੀ। ਜਨਮ ਦਿਹਾੜੇ ‘ਤੇ ਉਹਨਾ ਦੇ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਦਿਨੇ ਦੋ ਵਜੇ ਤੋਂ ਦੇਰ ਰਾਤ ਤੱਕ ਬਹੁ ਕਲਾ ਵੰਨਗੀਆਂ ਦਾ ਪ੍ਰੋਗਰਾਮ ਗੁਰਸ਼ਰਨ ਭਾਅ ਜੀ ਦੀ ਘਾਲਣਾ ਨੂੰ ਸਮਰਪਤ ਹੋਵੇਗਾ। ਨਾਟਕ, ਗੀਤ-ਸੰਗੀਤ ਅਤੇ ਬਹੁ-ਵੰਨਗੀ ਹੋਰ ਕਲਾ-ਕ੍ਰਿਤਾਂ ਤੋਂ ਇਲਾਵਾ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ ‘ਲੱਖਾਂ ਬਗਾਵਤਾਂ’ ਵੀ ਦਿਖਾਈ ਜਾਵੇਗੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਰਹੇ ਲੰਮਾ ਸਮਾਂ ਪੰਜਾਬੀ ਰੰਗਮੰਚ ਨੂੰ ਇੱਕ ਬੋਹੜ ਦੇ ਰੂਪ ਵਿੱਚ ਵਿਕਸਤ ਕਰਨ ਵਾਲੇ, ਮੇਲਾ ਗਦਰੀ ਬਾਬਿਆਂ ਨੂੰ ਚਾਰ ਚੰਨ੍ਹ ਲਾਉਣ ਵਾਲੇ ਗੁਰਸ਼ਰਨ ਭਾਅ ਜੀ ਦੀ ਯਾਦ ‘ਚ ਹੋਣ ਵਾਲੇ ਜਨਮ ਦਿਹਾੜਾ ਸਮਾਗਮ ਮੌਕੇ ਹੁੰਮ-ਹੁਮਾ ਕੇ ਪਹੁੰਚਣ ਦੀ ਖੇਚਲ ਕੀਤੀ ਜਾਵੇ।