ਮੋਦੀ ਸਰਕਾਰ ਦੇਸ਼ ਨੂੰ ਤਬਾਹ ਕਰਨ ‘ਤੇ ਤੁਲੀ : ਧਾਲੀਵਾਲ

0
1

ਬਰਨਾਲਾ (ਨਵਾਂ ਜ਼ਮਾਨਾ ਸਰਵਿਸ)
ਸੀ ਪੀ ਆਈ ਐੱਮ ਵੱਲੋਂ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਮਰਹੂਮ ਸੀਤਾ ਰਾਮ ਯੇਚੁਰੀ ਦੀ ਦੂਸਰੀ ਬਰਸੀ ਨੂੰ ਸਮਰਪਤ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੈਮੀਨਾਰ ‘ਚ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ ਪੀ ਆਈ (ਐੱਮ), ਡਾਕਟਰ ਅਸ਼ੋਕ ਧਾਵਲੇ ਪੋਲਿਟ ਬਿਊਰੋ ਮੈਂਬਰ ਸੀ ਪੀ ਆਈ (ਐੱਮ), ਨਿਰਮਲ ਸਿੰਘ ਧਾਲੀਵਾਲ ਸਕੱਤਰ ਸੀ ਪੀ ਆਈ ਪੰਜਾਬ ਅਤੇ ਕੁਲਦੀਪ ਸਿੰਘ ਕਾਲਾ ਢਿੱਲੋਂ ਕਾਂਗਰਸ ਵਿਧਾਇਕ, ਜਸਵਿੰਦਰ ਸਿੰਘ ਸਕੱਤਰ ਸੀ ਪੀ ਆਈ (ਐੱਮ) ਮੱਧ ਪ੍ਰਦੇਸ਼ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।
ਸੁਖਵਿੰਦਰ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ ਪਾਰਟੀ ਦੀ ਕੇਦਰੀ ਕਮੇਟੀ ਵੱਲੋਂ ਕੌਮੀ ਆਗੂ ਸੀਤਾ ਰਾਮ ਯੇਚੁਰੀ ਦੀ ਬਰਸੀ ਮਨਾਈ ਜਾ ਰਹੀ ਹੈ, ਜਿਸ ਤਹਿਤ ਉਨ੍ਹਾ ਦੀ ਯਾਦ ਵਿੱਚ ਪੰਜਾਬ ਵਿੱਚ ਪੰਜ ਥਾਵਾਂ ‘ਤੇ ਸੈਮੀਨਾਰ ਕਰਵਾਏ ਗਏ ਅਤੇ ਅੱਜ ਬਰਨਾਲਾ ਵਿੱਚ ਇਹ ਸੈਮੀਨਾਰ ਹੋਇਆ। ਉਨ੍ਹਾ ਦੱਸਿਆ ਕਿ ਦੇਸ਼ ਦੀ ਰਾਜਨੀਤੀ ਵਿੱਚ ਜਿੰਨਾ ਵੱਡਾ ਯੋਗਦਾਨ ਸੀਤਾ ਰਾਮ ਯੇਚੁਰੀ ਦਾ ਸੀ, ਉਨ੍ਹਾ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀ ਸੋਚ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਉਨ੍ਹਾ ਦੀ ਬਰਸੀ ਮੌਕੇ ਇਹ ਸੈਮੀਨਾਰ ਕਰਵਾਏ ਜਾ ਰਹੇ ਹਨ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਪੰਜਾਬ ਦੇ ਸੂਬਾ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਤਬਾਹੀ ਵੱਲ ਜਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਬੇਰੁਜ਼ਗਾਰੀ ਵੱਲ ਧੱਕ ਦਿੱਤਾ ਹੈ।ਕੇਂਦਰ ਸਰਕਾਰ ਖਿਲਾਫ ਦਿੱਲੀ ਵਿਖੇ ਨੀਟ ਦੀ ਪ੍ਰੀਖਿਆ ਲੀਕ ਨੂੰ ਲੈ ਕੇ ਨੌਜਵਾਨਾਂ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਸਰਕਾਰ ਨੇ ਪੁਲਸ ਬਲਾਂ ਦਾ ਵੀ ਪ੍ਰਯੋਗ ਕੀਤਾ, ਪਰ ਨੌਜਵਾਨਾਂ ਨਾਲ ਲੋਕ ਪੱਖੀਆਂ ਪਾਰਟੀ ਦੀ ਤਾਕਤ ਦੇ ਅੱਗੇ ਕੇਂਦਰ ਸਰਕਾਰ ਨੂੰ ਝੁਕਣਾ ਪਿਆ ਅਤੇ ਮੰਤਰੀ ਦਾ ਅਸਤੀਫਾ ਲੈਣਾ ਪਿਆ। ਉਨ੍ਹਾ ਕਿਹਾ ਕਿ ਸੀਤਾ ਰਾਮ ਯੇਚਰੀ ਨੇ ਖੁਦ ਵਿਦਿਆਰਥੀ ਜੀਵਨ ਵਿੱਚ ਆਪਣੇ ਹੱਕਾਂ ਲਈ ਲੰਮਾ ਸੰਘਰਸ਼ ਲੜਿਆ ਅਤੇ ਨੌਜਵਾਨਾਂ ਦੇ ਹੱਕਾਂ ਦੀ ਰਾਖੀ ਲਈ ਆਪਣੀ ਆਵਾਜ਼ ਬੁਲੰਦ ਕੀਤੀ । ਅੱਜ ਦੇ ਨੌਜਾਵਾਨਾਂ ਨੂੰ ਵੀ ਉਨ੍ਹਾ ਦੀ ਰਾਹ ‘ਤੇ ਚੱਲਣਾ ਚਾਹੀਦਾ ਹੈ, ਇਹ ਹੀ ਉਨ੍ਹਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਜਸਵਿੰਦਰ ਸਿੰਘ ਨੇ ਕਿਹਾ ਕਿ ਯੇਚੁਰੀ ਨੂੰ ਵਿਛੜਿਆਂ ਦੋ ਸਾਲ ਹੋ ਚੁੱਕੇ ਹਨ ਅਤੇ ਉਨ੍ਹਾ ਦੀ ਯਾਦ ਵਿੱਚ ਖੱਬੇ ਪੱਖੀ ਧਿਰਾਂ ਵੱਲੋਂ ਇਨ੍ਹਾਂ ਸਮਾਗਮਾਂ ਜ਼ਰੀਏ ਉਨ੍ਹਾ ਨੂੰ ਯਾਦ ਕੀਤਾ ਜਾ ਰਿਹਾ ਹੈ।ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ਕਿਹਾ ਕਿ ਦੇਸ਼ ਦੀ ਰਾਤਨੀਤੀ ਵਿੱਚ ਦੇਸ਼ ਵਿਰੋਧੀ ਕਾਨੂੰਨਾਂ ਨੂੰ ਪਾਸ ਹੋਣ ਤੋਂ ਰੋਕਣ ਵਿੱਚ ਯੇਚੁਰੀ ਦਾ ਬਹੁਤ ਅਹਿਮ ਯੋਗਦਾਨ ਹੈ ਅਤੇ ਉਨ੍ਹਾ ਦੇਸ਼ ਦੀ ਪਾਰਲੀਮੈਂਟ ਵਿੱਚ ਹਮੇਸ਼ਾ ਲੋਕਾਈ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਕਾਂਗਰਸ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਦੇਸ਼ ਦੇ ਮਹਾਨ ਆਗੂ ਸੀਤਾ ਰਾਮ ਯੇਚੁਰੀ ਨੇ ਸਿਆਸੀ ਫਿਰਕਾਪ੍ਰਸਤੀ ਖਿਲਾਫ, ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕ ਵਿੱਚ ਜੋ ਲੜਾਈ ਲੜੀ, ਉਸ ਨੂੰ ਨੂੰ ਕਦੇ ਵੀ ਭੁਲਿਆ ਨਹੀਂ ਜਾ ਸਕਦਾ।ਸਮਾਗਮ ਵਿਚ ਭੂਪ ਚੰਦ ਚੰਨੋ ਸੂਬਾ ਸਕੱਤਰਤ ਮੈਂਬਰ, ਅਬਦੁਲ ਸਤਾਰ ਸੂਬਾ ਸਕੱਤਰਤ ਮੈਂਬਰ, ਚਮਕੌਰ ਸਿੰਘ ਖੇੜੀ ਸੂਬਾ ਸਕੱਤਰਤ ਮੈਂਬਰ, ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਖੁਸ਼ੀਆ ਸਿੰਘ, ਪਰਮਜੀਤ ਕੌਰ ਗੁਮਟੀ, ਬਲਵੰਤ ਸਿੰਘ ਨਿਹਾਲੂਵਾਲ ਪ੍ਰਧਾਨ ਕਿਸਾਨ ਸਭਾ, ਜਰਨੈਲ ਸਿੰਘ ਦਾਨਗੜ੍ਹ, ਪਰਮਜੀਤ ਕੌਰ, ਕਰਮਜੀਤ ਕੌਰ, ਮਹਿੰਦਰ ਕੌਰ, ਜਲ ਕੌਰ, ਬਸੰਤ ਕੌਰ, ਸੁਰਜੀਤ ਸਿੰਘ ਵਜੀਦਕੇ ਕਲਾਂ, ਸੀਤਾ ਸਿੰਘ ਸੁਨਾਮ, ਹੰਗੀ ਸਿੰਘ ਤਹਿਸੀਲ ਸਕੱਤਰ ਸੁਨਾਮ, ਸੁਰਜੀਤ ਸਿੰਘ ਜਖੇਪਲ, ਹਰਬੰਸ ਸਿੰਘ ਨਮੋਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਆਗੂ/ਵਰਕਰ ਹਾਜ਼ਰ ਸਨ।