ਜੰਮੂ : ਬੁੱਧਵਾਰ ਸ਼ਹਿਰ ਦੇ ਬਾਹਰਵਾਰ ਸਿੱਧਰਾ ਇਲਾਕੇ ਦੇ ਤਵੀ ਵਿਹਾਰ ਦੇ ਦੋ ਘਰਾਂ ਵਿਚੋਂ 6 ਜੀਆਂ ਦੀਆਂ ਲਾਸ਼ਾਂ ਮਿਲੀਆਂ। ਪੁਲਸ ਨੇ ਕਿਹਾ ਕਿ ਮੌਤਾਂ ਜ਼ਹਿਰ ਨਾਲ ਹੋਈਆਂ ਜਾਪਦੀਆਂ ਹਨ।
ਮੰਗਲਵਾਰ ਸ਼ਾਮ ਸ੍ਰੀਨਗਰ ਦੇ ਬਰਜ਼ੁਲਾ ਦੀ ਸ਼ਹਿਜ਼ਾਦਾ ਨੇ ਪੁਲਸ ਨੂੰ ਫੋਨ ਕੀਤਾ ਕਿ ਉਸ ਦਾ ਭਰਾ ਨੂਰ ਉਲ ਹਬੀਬ ਫੋਨ ਨਹੀਂ ਚੁੱਕ ਰਿਹਾ ਤੇ ਸ਼ੰਕਾ ਹੈ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੋਵੇਗੀ। ਸਬ-ਇੰਸਪੈਕਟਰ ਮਾਜਿਦ ਤੇ ਨਗਰੋਟਾ ਦੇ ਐੱਸ ਐੱਚ ਓ ਵਿਸ਼ਵ ਪ੍ਰਤਾਪ ਮੌਕੇ ’ਤੇ ਪੁੱਜੇ ਤਾਂ ਘਰ ਅੰਦਰੋਂ ਬੰਦ ਮਿਲਿਆ। ਅੰਦਰੋਂ ਬਦਬੂ ਆ ਰਹੀ ਸੀ। ਲੋਕਾਂ ਦੀ ਮੌਜੂਦਗੀ ਵਿਚ ਦਰਵਾਜ਼ੇ ਤੋੜੇ ਗਏ। ਅੰਦਰ ਚਾਰ ਲਾਸ਼ਾਂ ਮਿਲੀਆਂ। ਐੱਸ ਐੱਸ ਪੀ ਜੰਮੂ ਚੰਦਨ ਕੋਹਲੀ ਨੇ ਦੱਸਿਆ ਕਿ ਜ਼ਹਿਰ ਦਾ ਮਾਮਲਾ ਲੱਗਦਾ ਹੈ। ਇਹ ਪਤਾ ਕੀਤਾ ਜਾਏਗਾ ਕਿ ਇਨ੍ਹਾਂ ਨੂੰ ਜ਼ਹਿਰ ਦਿੱਤੀ ਗਈ ਜਾਂ ਇਨ੍ਹਾਂ ਖੁਦ ਖਾਧੀ। ਮਿ੍ਰਤਕਾਂ ਦੀ ਪਛਾਣ ਨੂਰ ਉਲ ਹਬੀਬ, ਸਕੀਨਾ ਬੇਗਮ, ਸੱਜਾਦ ਅਹਿਮਦ ਤੇ ਨਸੀਮਾ ਅਖਤਰ ਦੀਆਂ ਸਨ। ਲੋਕਾਂ ਨੇ ਦੱਸਿਆ ਕਿ ਇਸ ਪਰਵਾਰ ਦਾ ਇਲਾਕੇ ’ਚ ਇਕ ਹੋਰ ਘਰ ਹੈ। ਪੁਲਸ ਨੇ ਉਥੋਂ ਰੁਬੀਨਾ ਬਾਨੋ ਤੇ ਜ਼ਫਰ ਸਲੀਮ ਦੀਆਂ ਲਾਸ਼ਾਂ ਬਰਾਮਦ ਕੀਤੀਆਂ।