ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਤਾਲ ਕਟੋਰਾ ਸਟੇਡੀਅਮ ’ਚ ਰਾਸ਼ਟਰੀ ਮਿਸ਼ਨ ‘ਮੇਕ ਇੰਡੀਆ ਨੰਬਰ-1’ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਦੁਨੀਆ ਦਾ ਸਭ ਤੋਂ ਮਜ਼ਬੂਤ ਦੇਸ਼ ਬਣਾਉਣਾ ਸਾਡਾ ਮਿਸ਼ਨ ਹੈ। ਆਓ ਮਿਲ ਕੇ ਭਾਰਤ ਨੂੰ ਨੰਬਰ-1 ਬਣਾਈਏ। ਇਸ ਦੇ ਲਈ ਸਾਨੂੰ ਦੇਸ਼ ’ਚ ਸਾਰਿਆਂ ਲਈ ਚੰਗੀ ਅਤੇ ਮੁਫਤ ਸਿੱਖਿਆ ਅਤੇ ਸਿਹਤ ਸਹੂਲਤਾਂ, ਹਰ ਨੌਜਵਾਨ ਨੂੰ ਰੁਜ਼ਗਾਰ, ਹਰ ਔਰਤ ਨੂੰ ਸਨਮਾਨ ਅਤੇ ਸੁਰੱਖਿਆ ਅਤੇ ਕਿਸਾਨਾਂ ਨੂੰ ਉਹਨਾਂ ਦੀ ਫ਼ਸਲਾਂ ਦੀ ਪੂਰੀ ਕੀਮਤ ਦੇਣੀ ਯਕੀਨੀ ਬਣਾਉਣੀ ਪਵੇਗੀ। ਮੈਂ ਦੇਸ਼ ਦੇ 130 ਕਰੋੜ ਲੋਕਾਂ ਨੂੰ ਇਸ ਰਾਸ਼ਟਰੀ ਮਿਸਨ ਨਾਲ ਜੁੜਨ ਦੀ ਅਪੀਲ ਕਰਦਾ ਹਾਂ। ਇਹ ਕਿਸੇ ਪਾਰਟੀ ਦਾ ਮਿਸ਼ਨ ਨਹੀਂ ਹੈ। ਭਾਜਪਾ ਅਤੇ ਕਾਂਗਰਸ ਸਮੇਤ ਦੇਸ਼ ਦੀਆਂ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਅਸੀਂ ਲੜਾਈ-ਝਗੜਾ ਨਹੀਂ ਕਰਨਾ, ਅਸੀਂ ਲੜ ਕੇ 75 ਸਾਲ ਬਰਬਾਦ ਕਰ ਦਿੱਤੇ। ਕੇਜਰੀਵਾਲ ਨੇ ਕਿਹਾ ਕਿ ਭਾਰਤ ਦੁਨੀਆਂ ਦੀ ਅਗਵਾਈ ਕਰ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਦੇਸ਼ ਦੇ 130 ਕਰੋੜ ਲੋਕਾਂ ਨੂੰ ਆਪ ਵਾਗਡੋਰ ਸੰਭਾਲਣੀ ਪਵੇਗੀ। ਜੇਕਰ ਇਹਨਾਂ ਪਾਰਟੀਆਂ ਅਤੇ ਇਹਨਾਂ ਲੀਡਰਾਂ ਦੇ ਭਰੋਸੇ ’ਚ ਦੇਸ਼ ਛੱਡ ਦਿੱਤਾ ਜਾਵੇ ਤਾਂ ਭਾਰਤ ਹੋਰ 75 ਸਾਲ ਪਿੱਛੇ ਚਲਾ ਜਾਵੇਗਾ। ਉਨ੍ਹਾਂ ’ਚੋਂ ਕੁਝ ਨੂੰ ਸਿਰਫ ਆਪਣਾ ਪਰਵਾਰ ਪਿਆਰਾ ਹੈ ਅਤੇ ਕੁਝ ਨੂੰ ਆਪਣੇ ਦੋਸਤਾਂ। ਕਿਸੇ ਨੇ ਭਿ੍ਰਸ਼ਟਾਚਾਰ ਕਰਨਾ ਹੈ, ਕਿਸੇ ਨੇ ਦੇਸ਼ ਨੂੰ ਲੁੱਟਣਾ ਹੈ। ਮੈਂ ਦੇਸ਼ ਦੇ ਹਰ ਕੋਨੇ ’ਚ ਜਾਵਾਂਗਾ ਅਤੇ ਲੋਕਾਂ ਨੂੰ ਜੋੜਾਂਗਾ। ਜਦੋਂ 130 ਕਰੋੜ ਲੋਕ ਇਸ ਮਿਸ਼ਨ ਨਾਲ ਜੁੜ ਜਾਂਦੇ ਹਨ, ਤਦ ਭਾਰਤ ਨੂੰ ਸਰਵੋਤਮ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ।
ਕੇਜਰੀਵਾਲ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਹੋ ਗਏ ਹਨ, ਭਾਰਤ ਨੇ ਇਨ੍ਹਾਂ 75 ਸਾਲਾਂ ’ਚ ਬਹੁਤ ਕੁਝ ਹਾਸਲ ਕੀਤਾ ਹੈ। ਪਰ ਲੋਕਾਂ ਦੇ ਅੰਦਰ ਗੁੱਸਾ ਅਤੇ ਇੱਕ ਸਵਾਲ ਹੈ ਕਿ ਇਨ੍ਹਾਂ 75 ਸਾਲਾਂ ਦੇ ਅੰਦਰ ਕਈ ਅਜਿਹੇ ਛੋਟੇ ਦੇਸ਼ ਹਨ, ਜੋ ਸਾਡੇ ਤੋਂ ਬਾਅਦ ਆਜ਼ਾਦ ਹੋਏ, ਪਰ ਸਾਡੇ ਤੋਂ ਅੱਗੇ ਨਿਕਲ ਗਏ ਤਾਂ ਭਾਰਤ ਕਿਉਂ ਪਿੱਛੇ ਰਹਿ ਗਿਆ? ਸਿੰਗਾਪੁਰ ਭਾਰਤ ਤੋਂ 15 ਸਾਲਾਂ ਬਾਅਦ ਆਜ਼ਾਦ ਹੋਇਆ, ਅੱਜ ਉਹ ਸਾਡੇ ਤੋਂ ਅੱਗੇ ਨਿਕਲ ਗਿਆ ਹੈ। ਸਾਡੇ ਵਿੱਚ ਕੀ ਕਮੀ ਹੈ? ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਤਬਾਹ ਹੋ ਗਿਆ ਸੀ। ਹੀਰੋਸੀਮਾ ਅਤੇ ਨਾਗਾਸਾਕੀ ’ਤੇ ਪਰਮਾਣੂ ਬੰਬ ਡਿੱਗੇ ਸਨ, ਪਰ ਅੱਜ ਉਹ ਸਾਡੇ ਤੋਂ ਅੱਗੇ ਨਿਕਲ ਗਏ ਹਨ।
ਉਨ੍ਹਾ ਕਿਹਾ ਹਰ ਰੋਜ਼ 27 ਕਰੋੜ ਬੱਚੇ ਦੇਸ਼ ਭਰ ਦੇ ਸਰਕਾਰੀ ਸਕੂਲਾਂ ’ਚ ਜਾਂਦੇ ਹਨ। ਸਾਨੂੰ ਆਪਣੇ ਹਰੇਕ ਬੱਚੇ ਲਈ ਚੰਗੀ ਅਤੇ ਮੁਫਤ ਸਿੱਖਿਆ ਦਾ ਪ੍ਰਬੰਧ ਕਰਨਾ ਹੋਵੇਗਾ। ਕੋਈ ਕਿੰਨੇ ਵੀ ਗਰੀਬ ਘਰ ’ਚ ਪੈਦਾ ਹੋਵੇ, ਉਹ ਦੇਸ਼ ਦੇ ਕਿਸੇ ਵੀ ਕੋਨੇ ’ਚ ਰਹਿੰਦਾ ਹੋਵੇ, ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਪਹਾੜਾਂ ਅਤੇ ਕਬਾਇਲੀ ਖੇਤਰਾਂ ’ਚ ਸਕੂਲ ਨਹੀਂ ਖੋਲ੍ਹ ਸਕਦੇ। ਦੇਸ ਦੇ ਕੋਨੇ-ਕੋਨੇ ਵਿੱਚ ਸਕੂਲ ਖੋਲ੍ਹਣੇ ਹੋਣਗੇ। ਉਨ੍ਹਾ ਕਿਹਾ ਭਾਰਤ ਦਾ ਹਰ ਨਾਗਰਿਕ ਸਾਡੇ ਲਈ ਮਹੱਤਵਪੂਰਨ ਹੈ। ਇਸ ਦੇ ਲਈ ਜਰੂਰੀ ਹੈ ਕਿ ਸਾਨੂੰ ਭਾਰਤ ਦੇ ਕੋਨੇ-ਕੋਨੇ ਵਿਚ ਹਸਪਤਾਲ ਖੋਲ੍ਹਣੇ ਪੈਣਗੇ, ਮੁਹੱਲਾ ਕਲੀਨਿਕ ਬਣਾਉਣੇ ਪੈਣਗੇ। ਚੰਗੀਆਂ ਡਿਸਪੈਂਸਰੀਆਂ ਖੋਲ੍ਹਣੀਆਂ ਹਨ। ਡਾਕਟਰਾਂ ਦਾ ਪ੍ਰਬੰਧ ਕਰਨਾ ਪਵੇਗਾ। ਤੀਜਾ, ਸਾਨੂੰ ਆਪਣੇ ਹਰ ਨੌਜਵਾਨ ਨੂੰ ਰੁਜ਼ਗਾਰ ਦੇਣਾ ਹੋਵੇਗਾ। ਸਾਡੇ ਨੌਜਵਾਨ ਹੀ ਸਾਡੀ ਸਭ ਤੋਂ ਵੱਡੀ ਤਾਕਤ ਹਨ ਪਰ ਅੱਜ ਸਾਡੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ। ਜੇਕਰ ਸਹੀ ਨੀਅਤ ਨਾਲ ਸਹੀ ਕੰਮ ਹੋਵੇ ਤਾਂ ਇਨ੍ਹਾਂ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾ ਸਕਦਾ ਹੈ। ਅਸੀਂ ਹਰੇਕ ਨੌਜਵਾਨ ਲਈ ਰੁਜਗਾਰ ਦਾ ਪ੍ਰਬੰਧ ਕਰਨਾ ਹੈ। ਦੇਸ ਵਿੱਚ ਇੱਕ ਵੀ ਨੌਜਵਾਨ ਬੇਰੁਜਗਾਰ ਨਹੀਂ ਹੋਣਾ ਚਾਹੀਦਾ।
ਸਟੇਡੀਅਮ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ਦੇਖ ਕੇ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿੰਨਾ ਸ਼ਾਨਦਾਰ ਮਾਹੌਲ ਹੈ, ਚਾਰੇ ਪਾਸੇ ਤਿਰੰਗੇ ਹਨ ਅਤੇ ਉਨ੍ਹਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦੇ 75 ਸਾਲਾਂ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹੋਏ ਭਾਰਤ ਨੂੰ ਦੁਨੀਆ ਦਾ ਸਭ ਤੋਂ ਵਧੀਆ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਸਟਰ ਬਣਾਉਣ ਦਾ ਪ੍ਰਣ ਲਿਆ।