ਮਨੀਪੁਰ ’ਚ ਪੱਤਰਕਾਰ ਸਣੇ 4 ਜ਼ਖਮੀ

0
139

ਇੰਫਾਲ : ਮਨੀਪੁਰ ਦੇ ਪੂਰਬੀ ਇੰਫਾਲ ਜ਼ਿਲ੍ਹੇ ਦੇ ਸਨਸਾਬੀ ਅਤੇ ਥਮਨਾਪੋਕਪੀ ਪਿੰਡਾਂ ’ਚ ਸਨਿੱਚਰਵਾਰ ਸ਼ੱਕੀ ਅੱਤਵਾਦੀਆਂ ਵਲੋਂ ਕੀਤੀ ਗੋਲੀਬਾਰੀ ’ਚ ਸਥਾਨਕ ਟੀ ਵੀ ਪੱਤਰਕਾਰ ਅਤੇ ਇੱਕ ਜਵਾਨ ਸਮੇਤ ਚਾਰ ਵਿਅਕਤੀ ਜ਼ਖਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਹਾੜੀ ਚੋਟੀ ਤੋਂ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੱਤਰਕਾਰ ਐੱਲ ਕਬੀਚੰਦਰ ਦੇ ਖੱਬੇ ਪੱਟ ’ਤੇ ਗੋਲੀ ਲੱਗੀ ਹੈ।
ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ
ਨਵੀਂ ਦਿੱਲੀ : ਉਪ ਰਾਜਪਾਲ ਵੀ ਕੇ ਸਕਸੈਨਾ ਨੇ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾ ਮੁੱਖ ਸਕੱਤਰ ਨੂੰ ਕਾਨੂੰਨ ਮੁਤਾਬਕ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਪਹਿਲਾਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਔਰਤਾਂ ਅਤੇ ਬਜ਼ੁਰਗਾਂ ਲਈ ਆਪ ਸਰਕਾਰ ਦੀਆਂ ਸੰਜੀਵਨੀ ਅਤੇ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾਵਾਂ ਤੋਂ ਦੂਰ ਰਹਿਣ ਲਈ ਕਿਹਾ ਸੀ। ‘ਆਪ’ ਨੇ ਕਿਹਾ ਹੈ ਕਿ ਇਹ ਹੁਕਮ ਉਪ ਰਾਜਪਾਲ ਦੇ ਦਫਤਰ ਤੋਂ ਨਹੀਂ ਸਗੋਂ ਅਮਿਤ ਸ਼ਾਹ ਦੇ ਦਫਤਰ ਤੋਂ ਆਇਆ ਹੈ। ਦਿੱਲੀ ਚੋਣਾਂ ’ਚ ਭਾਜਪਾ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ।