ਕਾਬੁਲ : ਸਰਹੱਦੀ ਕਰਾਸਿੰਗ ਪੁਆਇੰਟਾਂ ’ਤੇ ਅਫਗਾਨ ਤੇ ਪਾਕਿਸਤਾਨੀ ਸਰਹੱਦੀ ਦਸਤਿਆਂ ਵਿਚਕਾਰ ਭਾਰੀ ਝੜਪਾਂ ’ਚ 19 ਪਾਕਿਸਤਾਨੀ ਫੌਜੀ ਅਤੇ ਤਿੰਨ ਅਫਗਾਨ ਨਾਗਰਿਕ ਮਾਰੇ ਗਏ ਹਨ। ਟੋਲੋ ਨਿਊਜ਼ ਨੇ ਕੌਮੀ ਸਲਾਮਤੀ ਮੰਤਰਾਲੇ ਦੇ ਵਸੀਲੇ ਦੇ ਹਵਾਲੇ ਨਾਲ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੇ ਪੂਰਬੀ ਅਫਗਾਨਿਸਤਾਨ ਦੇ ਖੋਸਤ ਅਤੇ ਪਕਤਿਕਾ ਸੂਬਿਆਂ ’ਚ ਭਿਆਨਕ ਝੜਪਾਂ ਜਾਰੀ ਹਨ। ਅਫਗਾਨ ਸਰਹੱਦੀ ਬਲਾਂ ਨੇ ਖੋਸਤ ਸੂਬੇ ਦੇ ਅਲੀ ਸ਼ਹਿਰ ਜ਼ਿਲ੍ਹੇ ’ਚ ਕਈ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਅੱਗ ਲਗਾ ਦਿੱਤੀ ਤੇ ਪਕਤਿਕਾ ਸੂਬੇ ਦੇ ਦਾਂਦ-ਏ-ਪਟਾਨ ਜ਼ਿਲ੍ਹੇ ’ਚ ਦੋ ਪਾਕਿਸਤਾਨੀ ਚੌਕੀਆਂ ’ਤੇ ਕਬਜ਼ਾ ਕਰ ਲਿਆ। ਦਾਂਦ-ਏ-ਪਟਾਨ ਜ਼ਿਲ੍ਹੇ ’ਚ ਪਾਕਿਸਤਾਨੀ ਫੌਜੀਆਂ ਵੱਲੋਂ ਦਾਗੇ ਗਏ ਮੋਰਟਰ ਗੋਲੇ ਕਾਰਨ ਤਿੰਨ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ। ਇਹ ਝੜਪਾਂ ਮੰਗਲਵਾਰ ਰਾਤ ਪਕਤਿਕਾ ਸੂਬੇ ’ਚ ਪਾਕਿਸਤਾਨੀ ਫੌਜ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਤੋਂ ਭੜਕੀਆਂ ਹਨ। ਇਸ ਹਮਲੇ ’ਚ ਔਰਤਾਂ ਤੇ ਬੱਚਿਆਂ ਸਮੇਤ 51 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਅਫਗਾਨਿਸਤਾਨ ’ਚ ਤਾਲਿਬਾਨ ਦੀ ਸੱਤਾ ’ਚ ਵਾਪਸੀ ਤੋਂ ਬਾਅਦ ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ’ਚ ਵਾਧਾ ਹੋਇਆ ਹੈ, ਕਿਉਂਕਿ ਨਵੀਂ ਅਫਗਾਨ ਸਰਕਾਰ ਵੱਲੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਟੀ ਟੀ ਪੀ ਦਾ ਟੀਚਾ ਪਾਕਿ ’ਚ ਇਸਲਾਮੀ ਅਮੀਰਾਤ ਕਾਇਮ ਕਰਨਾ ਹੈ, ਜਿਵੇਂ ਕਿ ਇਸ ਦੇ ਭਰਾ ਸੰਗਠਨ ਨੇ ਕਾਬੁਲ ’ਚ ਕੀਤਾ ਸੀ। ਸੈਂਟਰ ਫਾਰ ਰਿਸਰਚ ਐਂਡ ਸਕਿਉਰਿਟੀ ਸਟੱਡੀਜ਼ ਦੀ ਇੱਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ 2022 ਦੇ ਮੁਕਾਬਲੇ 2023 ’ਚ ਪਾਕਿਸਤਾਨ ’ਚ ਅੱਤਵਾਦੀ ਹਮਲਿਆਂ ’ਚ ਹੋਈਆਂ ਮੌਤਾਂ ’ਚ 56 ਫੀਸਦੀ ਇਜ਼ਾਫਾ ਹੋਇਆ ਹੈ। 500 ਜਵਾਨਾਂ ਸਣੇ 1500 ਤੋਂ ਵੱਧ ਲੋਕ ਮਾਰੇ ਗਏ ਹਨ। ਇਸਲਾਮਾਬਾਦ ਵੱਲੋਂ ਕਾਬੁਲ ਹਕੂਮਤ ’ਤੇ ਸਰਹੱਦ ਪਾਰ ਅੱਤਵਾਦ ਫੈਲਾਉਣ ਦਾ ਦੋਸ਼ ਲਗਾਉਣ ਤੋਂ ਬਾਅਦ ਅਫਗਾਨ ਤਾਲਿਬਾਨ ਤੇ ਪਾਕਿਸਤਾਨ ਸਰਕਾਰ ਵਿਚਕਾਰ ਸੰਬੰਧ ਹੋਰ ਤਣਾਅਪੂਰਨ ਹੋ ਗਏ ਹਨ।


