ਨਵੀਂ ਦਿੱਲੀ : ਸੀ ਬੀ ਆਈ ਅਫਸਰਾਂ ਨੇ ਈ ਡੀ ਦੇ ਅਸਿਸਟੈਂਟ ਡਾਇਰੈਕਟਰ ਦੇ ਸ਼ਿਮਲਾ ਸਥਿਤ ਟਿਕਾਣਿਆਂ ਦੀ ਤਲਾਸ਼ੀ ਲਈ, ਜਿਹੜਾ ਐਤਵਾਰ ਉਸ ਦੇ ਜਾਲ ਵਿੱਚੋਂ ਬਚ ਨਿਕਲਿਆ ਸੀ। ਸੀ ਬੀ ਆਈ ਅਫਸਰਾਂ ਨੇ ਦੱਸਿਆ ਕਿ ਸ਼ਿਮਲਾ ਵਿੱਚ ਤਾਇਨਾਤ ਈ ਡੀ ਦਾ ਅਸਿਸਟੈਂਟ ਡਾਇਰੈਕਟਰ ਤੇ ਦਿੱਲੀ ’ਚ ਪੰਜਾਬ ਨੈਸ਼ਨਲ ਬੈਂਕ ’ਚ ਸੀਨੀਅਰ ਮੈਨੇਜਰ ਉਸ ਦਾ ਭਰਾ ਵਿਕਾਸ ਦੀਪ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਾ ਸਾਹਮਣਾ ਕਰ ਰਹੇ ਬਿਜ਼ਨਸਮੈਨ ਤੋਂ ਪੈਸੇ ਲੈਣ ਚੰਡੀਗੜ੍ਹ ਗਏ ਸਨ। ਬਿਜ਼ਨਸਮੈਨ ਨੇ ਸੀ ਬੀ ਆਈ ਨੂੰ ਰਿਸ਼ਵਤ ਦੀ ਗੱਲ ਦੱਸ ਦਿੱਤੀ ਸੀ। ਸੀ ਬੀ ਆਈ ਅਫਸਰਾਂ ਨੇ ਉੱਥੇ ਜਾਲ ਵਿਛਾਇਆ, ਜਿੱਥੇ ਬਿਜ਼ਨਸਮੈਨ ਨੂੰ 55 ਲੱਖ ਰੁਪਏ ਦੇਣ ਲਈ ਕਿਹਾ ਗਿਆ ਸੀ। ਈ ਡੀ ਅਫਸਰ, ਜੋ ਕਿ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਐਂਡ ਕਸਟਮਜ਼ ਤੋਂ ਡੈਪੂਟੇਸ਼ਨ ’ਤੇ ਹੈ, ਨੂੰ ਪਤਾ ਲੱਗ ਗਿਆ ਤੇ ਉਹ ਕੈਸ਼ ਸਣੇ ਮੌਕੇ ਤੋਂ ਭੱਜ ਗਿਆ। ਸੀ ਬੀ ਆਈ ਉਸ ਨੂੰ ਉਸ ਦਿਨ ਤੋਂ ਲੱਭ ਰਹੀ ਹੈ। ਉਂਜ ਸੀ ਬੀ ਆਈ ਨੇ ਸ਼ਿਮਲਾ ਵਿੱਚ ਉਸ ਦੇ ਘਰ ਛਾਪੇ ਦੌਰਾਨ ਕਰੀਬ 56 ਲੱਖ ਰੁਪਏ ਬਰਾਮਦ ਕੀਤੇ ਹਨ। ਉਹ ਰਿਸ਼ਵਤ ਦੇ ਪੈਸਿਆਂ ਸਣੇ ਹੁਣ ਤੱਕ ਕਰੀਬ ਇੱਕ ਕਰੋੜ ਰੁਪਏ ਬਰਾਮਦ ਕਰ ਚੁੱਕੀ ਹੈ। ਸੀ ਬੀ ਆਈ ਉਸ ਦੇ ਭਰਾ ਵਿਕਾਸ ਦੀਪ ਨੂੰ ਗਿ੍ਰਫਤਾਰ ਕਰ ਚੁੱਕੀ ਹੈ। ਈ ਡੀ ਦੇ ਸੂਤਰਾਂ ਨੇ ਦੱਸਿਆ ਕਿ ਸ਼ਿਮਲਾ ਸਬ-ਜ਼ੋਨਲ ਆਫਿਸ ਵਿੱਚ ਤਾਇਨਾਤ ਅਸਿਸਟੈਂਟ ਡਾਇਰੈਕਟਰ ਤੇ ਚੰਡੀਗੜ੍ਹ ਅਧਾਰਤ ਉਸ ਦੇ ਸੁਪਰਵਾਈਜ਼ਰੀ ਅਫਸਰਾਂ ਇੱਕ ਡਿਪਟੀ ਡਾਇਰੈਕਟਰ ਤੇ ਇੱਕ ਜਾਇੰਟ ਡਾਇਰੈਕਟਰ ਨੂੰ ਇਸ ਕੇਸ ਤੋਂ ਬਾਅਦ ਦਿੱਲੀ ਬਦਲ ਦਿੱਤਾ ਗਿਆ ਹੈ।


