ਡਾਕਟਰ ਸਾਹਬ ਦੀਆਂ ਹੋਣਹਾਰ ਤਿੰਨ ਧੀਆਂ

0
130

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਅੰਤਮ ਸੰਸਕਾਰ ਮੌਕੇ ਉਨ੍ਹਾ ਦੀ ਪਤਨੀ ਗੁਰਸ਼ਰਨ ਕੌਰ ਦੇ ਨਾਲ ਤਿੰਨ ਧੀਆਂ ਉਪਿੰਦਰ, ਦਮਨ ਤੇ ਅੰਮਿ੍ਰਤ ਵੀ ਮੌਜੂਦ ਸਨ। ਗੁਰਸ਼ਰਨ ਕੌਰ ਪ੍ਰੋਫੈਸਰ, ਲੇਖਕ ਹਨ ਅਤੇ ਕੀਰਤਨ ਵੀ ਕਰਦੇ ਹਨ। ਤਿੰਨੋਂ ਧੀਆਂ ਵੀ ਕਾਫੀ ਪੜ੍ਹੀਆਂ-ਲਿਖੀਆਂ ਹਨ। ਸਭ ਤੋਂ ਵੱਡੀ ਉਪਿੰਦਰ ਸਿੰਘ ਉੱਘੀ ਇਤਿਹਾਸਕਾਰ ਤੇ ਅਸ਼ੋਕਾ ਯੂਨੀਵਰਸਿਟੀ ਦੀ ਡੀਨ ਹੈ। ਉਸ ਨੇ ਭਾਰਤੀ ਇਤਿਹਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਪ੍ਰਾਚੀਨ ਤੇ ਸ਼ੁਰੂਆਤੀ ਮੱਧਕਾਲੀ ਭਾਰਤ ਦਾ ਇਤਿਹਾਸ ਅਤੇ ਪ੍ਰਾਚੀਨ ਭਾਰਤ ਦਾ ਵਿਚਾਰ ਸ਼ਾਮਲ ਹਨ। ਉਸ ਨੂੰ 2009 ਵਿੱਚ ਸਮਾਜ ਵਿਗਿਆਨ ਲਈ ਇੰਫੋਸਿਸ ਪ੍ਰਾਈਜ਼ ਵੀ ਮਿਲਿਆ ਸੀ। ਉਹ ਉੱਘੇ ਲੇਖਕ ਵਿਜੇ ਤਨਖਾ ਨਾਲ ਵਿਆਹੀ ਗਈ ਸੀ, ਜਿਸ ਨੇ ਪ੍ਰਾਚੀਨ ਯੂਨਾਨੀ ਫਲਸਫੇ ’ਤੇ ਕਾਫੀ ਲਿਖਿਆ ਹੈ।
ਦੂਜੀ ਧੀ ਦਮਨ ਸਿੰਘ ਨੇ ਵੀ ਕਈ ਕਿਤਾਬਾਂ ਲਿਖੀਆਂ ਹਨ, ਜਿਨ੍ਹਾਂ ਵਿੱਚ ਆਪਣੇ ਮਾਤਾ-ਪਿਤਾ ਦੀ ਜੀਵਨੀ ‘ਸਟਿ੍ਰਕਟਲੀ ਪਰਸਨਲ’ ਸ਼ਾਮਲ ਹੈ। ਉਸ ਨੇ ਜੰਗਲਾਂ ਦੀ ਰਾਖੀ ਸਣੇ ਕਈ ਮੁੱਦਿਆਂ ’ਤੇ ਕਾਫੀ ਲਿਖਿਆ ਹੈ। ਇਨ੍ਹਾਂ ਵਿੱਚ ‘ਲਾਸਟ ਫਰੰਟੀਅਰ : ਪੀਪਲ ਐਂਡ ਫਾਰੈੱਸਟਸ ਇਨ ਮਿਜ਼ੋਰਮ’ ਸ਼ਾਮਲ ਹੈ। ਦਮਨ ਦਾ ਵਿਆਹ ਆਈ ਪੀ ਐੱਸ ਅਫਸਰ ਤੇ ਇੰਡੀਆਜ਼ ਨੈਸ਼ਨਲ ਇੰਟੈਲੀਜੈਂਸ ਗਰਿੱਡ ਦੇ ਸਾਬਕਾ ਸੀ ਈ ਓ ਅਸ਼ੋਕ ਪਟਨਾਇਕ ਨਾਲ ਹੋਇਆ ਸੀ।
ਸਭ ਤੋਂ ਛੋਟੀ ਧੀ ਅੰਮਿ੍ਰਤ ਸਿੰਘ ਅਮਰੀਕਾ ’ਚ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ। ਉਹ ਸਟੈਨਫੋਰਡ ਲਾਅ ਸਕੂਲ ’ਚ ਲਾਅ ਦੀ ਪ੍ਰੋਫੈਸਰ ਹੈ। ਉਸ ਕੋਲ ਯੇਲ ਲਾਅ ਸਕੂਲ, ਆਕਸਫੋਰਡ ਤੇ ਕੈਂਬਿ੍ਰਜ ਵਰਗੇ ਵਕਾਰੀ ਅਦਾਰਿਆਂ ਦੀਆਂ ਡਿਗਰੀਆਂ ਹਨ।