ਚੰਡੀਗੜ੍ਹ : ਮੋਦੀ ਸਰਕਾਰ ਵੱਲੋਂ ਰਹਿ ਚੁੱਕੇ ਸੰਸਾਰ ਪ੍ਰਸਿੱਧ ਭਾਰਤੀ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੇ ਮਿ੍ਰਤਕ ਸਰੀਰ ਦਾ ਰਾਜਘਾਟ ਵਿਖੇ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਨਾ ਦੇਣ ਦੀ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਜਦੋਂ ਭਾਰਤ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਅੰਤਿਮ ਸੰਸਕਾਰ ਰਾਜਘਾਟ ਵਿਖੇ ਕੀਤੇ ਗਏ ਹੋਣ ਅਤੇ ਉਥੇ ਹੀ ਉਹਨਾਂ ਦੀਆਂ ਯਾਦਾਂ ਵਿਚ ਸਮਾਧੀਆਂ ਸਥਾਪਤ ਕੀਤੀਆਂ ਗਈਆਂ ਹਨ ਤਾਂ ਸਰਦਾਰ ਮਨਮੋਹਨ ਸਿੰਘ ਪ੍ਰਤੀ ਕੇਂਦਰੀ ਸਰਕਾਰ ਦਾ ਇਹ ਵਤੀਰਾ ਅਤੀ ਨਿੰਦਣਯੋਗ ਹੈ। ਸਰਦਾਰ ਮਨਮੋਹਨ ਸਿੰਘ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਨਿਗਮਬੋਧ ਘਾਟ ਵਿਖੇ ਕਰਵਾ ਕੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐੱਨ ਡੀ ਏ ਦੀ ਸਰਕਾਰ ਨੇ ਆਪਣੀ ਘਟੀਆ ਅਤੇ ਬਹੁਤ ਹੀ ਨੀਵੀਂ ਪੱਧਰ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਸਾਥੀ ਬਰਾੜ ਨੇ ਕਿਹਾ ਕਿ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਜਿਸ ਵਿਚ ਸੀ ਪੀ ਆਈ ਵੀ ਸ਼ਾਮਲ ਸੀ, ਨੇ ਕਈ ਮਹੱਤਵਪੂਰਨ ਫੈਸਲੇ ਲਏ ਸਨ, ਜਿਵੇੱ ਮਨਰੇਗਾ, ਸੂਚਨਾ ਦਾ ਅਧਿਕਾਰ, ਖੁਰਾਕ ਸੁਰੱਖਿਆ ਕਾਨੂੰਨ, ਵਿੱਦਿਆ ਦੇ ਅਧਿਕਾਰ ਆਦਿ ਸੰਬੰਧੀ ਕਾਨੂੰਨ ਸਥਾਪਤ ਕੀਤੇ ਗਏ। ਆਰ ਐੱਸ ਐੱਸ ਦੀ ਵਿਚਾਰਧਾਰਾ ਨਾਲ ਪ੍ਰਣਾਈ ਹੋਈ ਕੇਂਦਰ ਦੀ ਮੋਦੀ ਸਰਕਾਰ, ਜਿਹੜੀ ਪਹਿਲਾਂ ਹੀ ਘੱਟ-ਗਿਣਤੀਆਂ ਵਿਰੁੱਧ, ਫੈਡਰਲ ਢਾਂਚੇ ਨੂੰ ਨਸ਼ਟ ਕਰਨ ਅਤੇ ਸੰਵਿਧਾਨ ਨੂੰ ਖਤਮ ਕਰਨ ਲਈ ਤਰਲੋਮੱਛੀ ਹੋ ਰਹੀ ਹੈ ਤੇ ਸੰਵਿਧਾਨ ਦੇ ਘਾੜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੀ ਬੇਅਦਬੀ ਕਰ ਰਹੀ ਹੈ, ਨੇ ਹੁਣ ਸਵਰਗਵਾਸੀ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੇ ਸਸਕਾਰ ਸਮੇਂ ਅਜਿਹਾ ਘਟੀਆ ਵਤੀਰਾ ਅਪਣਾ ਕੇ ਜਿਥੇ ਸਮੁੱਚੇ ਸੈਕੂਲਰ ਅਤੇ ਜਮਹੂਰੀਪਸੰਦ ਸ਼ਕਤੀਆਂ ਦੇ ਮਨਾਂ ’ਤੇ ਜ਼ੋਰਦਾਰ ਸੱਟ ਮਾਰੀ ਹੈ, ਉਥੇ ਸਮੁੱਚੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕੀਤਾ ਹੈ।




