ਚੰਡੀਗੜ੍ਹ : ਢਾਈ ਕਰੋੜ ਰੁਪਏ ਦੇ ਰਿਸ਼ਵਤ ਮਾਮਲੇ ’ਚ ਸੀ ਬੀ ਆਈ ਨੇ ਈ ਡੀ ਦੇ ਸ਼ਿਮਲਾ ਜ਼ੋਨਲ ਦਫਤਰ ਦੇ ਇਨਫੋਰਸਮੈਂਟ ਅਫਸਰ ਨੀਰਜ ਨੂੰ ਸ਼ਨਿੱਚਰਵਾਰ ਦੇਰ ਰਾਤ ਭਿਵਾਨੀ ਤੋਂ ਗਿ੍ਰਫਤਾਰ ਕਰਕੇ ਚੰਡੀਗੜ੍ਹ ਲਿਆਂਦਾ ਅਤੇ ਡਿਊਟੀ ਮੈਜਿਸਟਰੇਟ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਦੇ ਦਿੱਤਾ। ਸੀ ਬੀ ਆਈ ਨੇ ਕਿਹਾ ਕਿ ਮੁਲਜ਼ਮ ਦੀ ਮੋਬਾਈਲ ਕਾਲ ਡਿਟੇਲ ਤੋਂ ਪਤਾ ਲੱਗਿਆ ਹੈ ਕਿ ਰਿਸ਼ਵਤ ਲੈਣ ਵੇਲੇ ਉਹ ਵੀ ਕਾਰ ’ਚ ਮੌਜੂਦ ਸੀ।
ਸੂਤਰਾਂ ਮੁਤਾਬਕ ਨੀਰਜ ਨੇ ਈ ਡੀ ਦੇ ਇਕ ਹੋਰ ਇਨਫੋਰਸਮੈਂਟ ਅਫਸਰ ਸੁਨੀਲ ਨਾਲ ਮਿਲ ਕੇ 20 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਈ ਡੀ ਦੇ ਅਸਿਸਟੈਂਟ ਡਾਇਰੈਕਟਰ ਵਿਸ਼ਾਲਦੀਪ ਦੇ ਭਰਾ ਵਿਕਾਸਦੀਪ ਤੋਂ ਪੁੱਛਗਿੱਛ ਤੋਂ ਬਾਅਦ ਸੀ ਬੀ ਆਈ ਨੇ ਉਸ ਨੂੰ ਫੜਿਆ। ਵਿਕਾਸਦੀਪ ਫਿਲਹਾਲ ਸੀ ਬੀ ਆਈ ਦੀ ਹਿਰਾਸਤ ’ਚ ਹੈ, ਜਦੋਂ ਕਿ ਵਿਸ਼ਾਲਦੀਪ ਅਤੇ ਐਨਫੋਰਸਮੈਂਟ ਅਫਸਰ ਸੁਨੀਲ ਫਰਾਰ ਹਨ। ਇਨ੍ਹਾਂ ਸਾਰਿਆਂ ਨੇ ਮਿਲ ਕੇ ਮਨੀ ਲਾਂਡਰਿੰਗ ’ਚ ਸ਼ਾਮਲ ਦੋ ਮੁਲਜ਼ਮਾਂ ਤੋਂ ਕਰੀਬ 2.5 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਸੀ ਬੀ ਆਈ ਇਸ ਮਾਮਲੇ ’ਚ ਦੋ ਵਿਚੋਲਿਆਂ ਮੁਨੱਵਰ ਅਤੇ ਰਹੀਮ ਦੀ ਵੀ ਭਾਲ ਕਰ ਰਹੀ ਹੈ। ਰਿਸ਼ਵਤ ਕਾਂਡ ’ਚ ਸੀ ਬੀ ਆਈ ਨੇ ਮੁਲਜ਼ਮਾਂ ਨੂੰ ਫੜਨ ਲਈ 1 ਲੱਖ ਰੁਪਏ ਦੇ ਜਿਨ੍ਹਾਂ ਨੋਟਾਂ ’ਤੇ ਕੈਮੀਕਲ ਲਗਾਇਆ ਸੀ, ਉਹ ਅਜੇ ਤੱਕ ਨਹੀਂ ਮਿਲੇ ਹਨ। ਸੀ ਬੀ ਆਈ ਨੇ ਵਿਕਾਸਦੀਪ ਕੋਲੋਂ 54 ਲੱਖ ਰੁਪਏ ਬਰਾਮਦ ਕੀਤੇ ਸਨ, ਜਦਕਿ ਮੁਲਜ਼ਮ 55 ਲੱਖ ਰੁਪਏ ਲੈ ਕੇ ਫਰਾਰ ਹੋਇਆ ਸੀ। ਉਸ ਕੋਲੋਂ ਬਰਾਮਦ ਹੋਏ ਬੈਗ ’ਚ 1 ਲੱਖ ਰੁਪਏ ਘੱਟ ਸਨ। ਸੀ ਬੀ ਆਈ ਇੱਕ ਲੱਖ ਰੁਪਏ ਦੇ ਨੋਟਾਂ ਦੀ ਵੀ ਤਲਾਸ਼ ਕਰ ਰਹੀ ਹੈ। ਵਿਸ਼ਾਲਦੀਪ ਨੇ ਕਾਲਾ ਅੰਬ, ਜ਼ਿਲ੍ਹਾ ਸਿਰਮੌਰ (ਹਿਮਾਚਲ ਪ੍ਰਦੇਸ਼) ਦੀ ਵਿਦਿਅਕ ਸੰਸਥਾ ਦੇ ਚੇਅਰਮੈਨ ਰਜਨੀਸ਼ ਬਾਂਸਲ ਅਤੇ ਇੱਕ ਹੋਰ ਵਿਅਕਤੀ ਭੂਪੇਂਦਰ ਸ਼ਰਮਾ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਕੀਤੀ ਸੀ। ਵਿਸ਼ਾਲਦੀਪ, ਨੀਰਜ ਅਤੇ ਸੁਨੀਲ ਨੇ ਇਨ੍ਹਾਂ ਵਿਅਕਤੀਆਂ ਤੋਂ ਰਿਸ਼ਵਤ ਦੀ ਮੰਗ ਕੀਤੀ ਤੇ ਰਿਸ਼ਵਤ ਦੀ ਡਿਲੀਵਰੀ ਲਈ ਚੰਡੀਗੜ੍ਹ ਬੁਲਾਇਆ ਸੀ। ਸ਼ਿਕਾਇਤਕਰਤਾਵਾਂ ਨੇ ਇਸ ਸੰਬੰਧੀ ਸੀ ਬੀ ਆਈ ਨੂੰ ਦੱਸ ਦਿੱਤਾ ਤੇ ਸੀ ਬੀ ਆਈ ਦੇ ਕਹਿਣ ’ਤੇ ਉਨ੍ਹਾਂ ਮੁਲਜ਼ਮਾਂ ਨੂੰ ਜ਼ੀਰਕਪੁਰ ਅਤੇ ਸੈਕਟਰ-22 ਪੰਚਕੂਲਾ ਬੁਲਾਇਆ ਸੀ। ਸੀ ਬੀ ਆਈ ਦੀ ਟੀਮ ਪਹਿਲਾਂ ਹੀ ਉਥੇ ਮੌਜੂਦ ਸੀ, ਪਰ ਮੁਲਜ਼ਮ ਸੀ ਬੀ ਆਈ ਨੂੰ ਚਕਮਾ ਦੇ ਕੇ ਫਰਾਰ ਹੋ ਗਏ। ਹਾਲਾਂਕਿ ਬਾਅਦ ’ਚ ਵਿਕਾਸਦੀਪ ਨੂੰ ਸੀ ਬੀ ਆਈ ਨੇ ਫੜ ਲਿਆ ਸੀ। ਰਿਸ਼ਵਤ ਲੈਣ ਲਈ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਗਈ ਹੈ।


