ਤਲਵੰਡੀ ਸਾਬੋ (ਜਗਦੀਪ ਗਿੱਲ)
ਇਥੋਂ ਥੋੜ੍ਹੀ ਦੂਰ ਪਿੰਡ ਜੀਵਨ ਸਿੰਘ ਵਾਲਾ ਵਿਖੇ ਵਾਪਰੇ ਬੱਸ ਹਾਦਸੇ ਵਿੱਚ ਪੌਣੀ ਦਰਜਨ ਦੇ ਕਰੀਬ ਗਈਆਂ ਜਾਨਾਂ ਪਿੱਛੋਂ ਪੀੜਤ ਪਰਵਾਰਾਂ ਲਈ ਇਨਸਾਫ ਅਤੇ ਫੌਰੀ ਸਹਾਇਤਾ ਨੂੰ ਲੈ ਕੇ ਬਣਾਈ ਐਕਸ਼ਨ ਕਮੇਟੀ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਚੱਲ ਰਿਹਾ ਰੇੜਕਾ ਆਖਰ ਐਤਵਾਰ ਨਿਬੜ ਗਿਆ।
ਭਾਵੇਂ ਸ਼ਨੀਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਟਵੀਟ ਕਰਦਿਆਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਉਕਤ ਹਾਦਸੇ ਵਿੱਚ ਜਾਨਾਂ ਗਵਾ ਚੁੱਕੇ ਵਿਅਕਤੀਆਂ ਦੇ ਵਾਰਸ ਪੀੜਤ ਪਰਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਵੇਗੀ, ਪ੍ਰੰਤੂ ਪਤਾ ਨਹੀਂ ਕਿਉ ਐਕਸ਼ਨ ਕਮੇਟੀ ਦੇ ਆਗੂਆਂ ਅਤੇ ਅਧਿਕਾਰੀਆਂ ਵਿਚਕਾਰ ਚੱਲਦਾ ਆ ਰਿਹਾ ਮੀਟਿੰਗਾਂ ਦਾ ਦੌਰ ਮੁੱਕਣ ਦਾ ਨਾਂਅ ਨਹੀਂ ਸੀ ਲੈ ਰਿਹਾ।ਸੁਚੇਤ ਲੋਕਾਂ ਦਾ ਮੰਨਣਾ ਹੈ ਕਿ ਉਕਤ ਹਾਦਸੇ ਵਿੱਚ ਹੋਈਆਂ ਮੌਤਾਂ ਪਿੱਛੋਂ ਛਿੜਿਆ ਰਿਲੀਫ ਮਾਮਲਾ ਸ਼ਾਇਦ ਨਾ ਛਿੜਦਾ ਜਾਂ ਏਨਾ ਤੂਲ ਨਾ ਫੜਦਾ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਟਵੀਟ ਕਰਕੇ ਪੀੜਤ ਪਰਿਵਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦੋ-ਦੋ ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਾ ਐਲਾਨ ਨਾ ਕੀਤਾ ਗਿਆ ਹੁੰਦਾ। ਪੀੜਤ ਪਰਵਾਰਾਂ ਅਤੇ ਉਨ੍ਹਾਂ ਦੇ ਨੇੜਲੇ ਆਮ ਲੋਕਾਂ ਵਿੱਚ ਇਹ ਗੱਲ ਚਲੀ ਗਈ ਕਿ ਪੀੜਤ ਪਰਵਾਰਾਂ ਨੂੰ ਸਹਾਇਤਾ ਦੇਣ ਲਈ ਕੇਂਦਰ ਸਰਕਾਰ ਸੰਜੀਦਾ ਹੈ ਤਾਂ ਪੰਜਾਬ ਸਰਕਾਰ ਕਿਉ ਨਹੀਂ? ਤਲਵੰਡੀ ਸਾਬੋ ਅਤੇ ਬਠਿੰਡਾ ਵਿਖੇ ਪਈਆਂ ਪੌਣੀ ਦਰਜਨ ਦੇ ਕਰੀਬ ਮਨੁੱਖੀ ਲਾਸ਼ਾਂ ਅਧਿਕਾਰਤ ਤੌਰ ’ਤੇ ਪੋਸਟਮਾਰਟਮ ਨਾ ਹੋ ਕੇ ਉਹਨਾਂ ਦੀ ਮਿੱਟੀ ਸਮੇਟੀ ਜਾਣ ਦੀ ਪ੍ਰਕਿਰਿਆ ਖੁਣੋਂ ਹਸਪਤਾਲਾਂ ਵਿੱਚ ਰੁਲ ਰਹੀਆਂ ਸਨ। ਇੱਕ ਪਾਸੇ ਪਿਛਲੇ 30 ਘੰਟਿਆਂ ਤੋਂ ਵੱਧ ਸਮੇਂ ਤੋਂ ਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਵੱਖ-ਵੱਖ ਜਥੇਬੰਦੀਆਂ, ਬੀ ਕੇ ਯੂ ਉਗਰਾਹਾਂ, ਦਿਹਾਤੀ ਮਜ਼ਦੂਰ ਸਭਾ ਅਤੇ ਕੁਝ ਹੋਰ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਵਿੱਚ ਹਾਦਸੇ ਦੇ ਪੀੜਤਾਂ ਨੂੰ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਲਗਾਤਾਰ ਧਰਨੇ ਨੂੰ ਬੀ ਕੇ ਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਜੋਗੇਵਾਲਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਗਿਆਨਾ, ਦਿਹਾਤੀ ਮਜ਼ਦੂਰ ਸਭਾ ਵੱਲੋਂ ਮੱਖਣ ਸਿੰਘ, ਰੁਪਿੰਦਰ ਸਿੰਘ ਸਿੱਧੂ, ਸੁਖਮੰਦਰ ਸਿੰਘ ਧਾਲੀਵਾਲ, ਮਿੱਠੂ ਘੁੱਦਾ ਅਤੇ ਸੁਰਜੀਤ ਸਿੰਘ ਕਿਸਾਨ ਆਗੂ ਤਲਵੰਡੀ ਸਾਬੋ ਵੱਲੋਂ ਸੰਬੋਧਨ ਕੀਤਾ ਜਾਂਦਾ ਰਿਹਾ।
ਆਖਰ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੂਨਮ ਸਿੰਘ ਏ ਡੀ ਸੀ ਬਠਿੰਡਾ ਨੇ ਹਸਪਤਾਲ ਵਿਖੇ ਲੱਗੇ ਧਰਨੇ ਵਿੱਚ ਆ ਕੇ ਵਿਸ਼ਵਾਸ ਦਵਾਇਆ ਕਿ ਉਹ ਸਰਕਾਰ ਦੀ ਤਰਫੋਂ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਨ। ਉਨ੍ਹਾ ਸਹਾਇਤਾ ਫੰਡਾਂ ਤੋਂ ਇਲਾਵਾ ਪੀੜਤ ਪਰਵਾਰਾਂ ਦੀ ਹਰ ਮੁਸ਼ਕਲ ਹੱਲ ਕਰਨ ਦਾ ਆਪਣੇ ਵੱਲੋਂ ਯਕੀਨ ਦਵਾਇਆ। ਉਹਨਾ ਕਿਹਾ ਕਿ ਮਹਾਸ਼ਾ ਸਿੰਘ ਜੀਵਨ ਸਿੰਘ ਵਾਲਾ, ਜਿਨ੍ਹਾਂ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ, ਨੂੰ ਆਉਦੀ 26 ਜਨਵਰੀ ਵਾਲੇ ਦਿਨ ਸਰਕਾਰ ਦੀ ਤਰਫੋਂ ਉਚੇਚਾ ਸਨਮਾਨਤ ਕੀਤਾ ਜਾਵੇਗਾ। ਏ ਡੀ ਸੀ ਨੇ ਵੱਖ-ਵੱਖ ਪਿੰਡਾਂ ਤੋਂ ਆਏ ਪੀੜਤ ਪਰਵਾਰਾਂ, ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਹੋਰ ਨਗਰ ਨਿਵਾਸੀਆਂ ਸਮੇਤ ਐਕਸ਼ਨ ਕਮੇਟੀ ਦੇ ਤਮਾਮ ਮੈਂਬਰਾਂ ਦਾ ਪ੍ਰਸ਼ਾਸਨ ਦੀ ਤਰਫੋਂ ਧੰਨਵਾਦ ਕੀਤਾ।





