ਤਰਨ ਤਾਰਨ (ਪਿ੍ਰਤਪਾਲ ਸਿੰਘ)
ਤਰਨ ਤਾਰਨ ਪੁਲਸ ਨੇ ਜੱਗੂ ਭਗਵਾਨਪੁਰੀਆ ਅਤੇ ਅੰਮਿ੍ਰਤਪਾਲ ਬਾਠ ਗੈਂਗ ਦੇ ਪੰਜ ਮੈਂਬਰਾਂ ਨੂੰ ਗਿ੍ਰਫ਼ਤਾਰ ਕਰਕੇ ਮਿੱਥ ਕੇ ਹੱਤਿਆ ਕਰਨ ਦੀਆਂ ਸੰਭਾਵਤ ਘਟਨਾਵਾਂ ਨੂੰ ਨਾਕਾਮ ਕਰ ਦਿੱਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਬਟਾਲਾ ਦੇ ਪਿੰਡ ਭਗਵਾਨਪੁਰ ਦੇ ਗੁਰਮੀਤ ਸਿੰਘ ਉਰਫ਼ ਰਾਵਲ, ਗੁਰਦਾਸਪੁਰ ਦੇ ਪਿੰਡ ਨੂਰਪੁਰ ਦੇ ਹਰਪਾਲ ਸਿੰਘ, ਅੰਮਿ੍ਰਤਸਰ ਦੇ ਪਿੰਡ ਨਵਾਂਪਿੰਡ ਦੇ ਲਵਪ੍ਰੀਤ ਸਿੰਘ ਉਰਫ਼ ਐੱਨ ਪੀ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪਾਸੀਆਂ ਅਤੇ ਸੰਦੀਪ ਸਿੰਘ ਉਰਫ਼ ਗੋਲੀ ਵਾਸੀ ਕੋਟ ਖ਼ਾਲਸਾ ਵਜੋਂ ਹੋਈ ਹੈ।
ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ’ਚੋਂ, ਜਿਨ੍ਹਾਂ ਵਿੱਚ ਯੂ ਐੱਸ ਏ ਦਾ ਬਣਿਆ 9 ਐੱਮ ਐੱਮ ਗਲਾਕ ਪਿਸਤੌਲ, ਦੋ.32 ਬੋਰ ਦੇ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਅਤੇ ਤਿੰਨ ਮੈਗਜ਼ੀਨਾਂ ਨਾਲ ਦੇਸੀ ਪਿਸਤੌਲ ਸਮੇਤ ਚਾਰ ਹਥਿਆਰ ਸ਼ਾਮਲ ਹਨ, ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਟੀਮਾਂ ਨੇ ਉਨ੍ਹਾਂ ਵੱਲੋਂ ਅਪਰਾਧ ਨੂੰ ਅੰਜਾਮ ਦੇਣ ਲਈ ਵਰਤੋਂ ਵਿੱਚ ਲਿਆਂਦੀ ਬਿਨਾਂ ਨੰਬਰ ਦੀ ਹੁੰਡਈ ਕਰੇਟਾ ਕਾਰ ਵੀ ਜ਼ਬਤ ਕੀਤੀ ਹੈ।
ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗਿ੍ਰਫ਼ਤਾਰ ਮੁਲਜ਼ਮਾਂ ਨੇ ਮੰਨਿਆ ਕਿ ਜ਼ਬਤ ਕੀਤੇ ਗਏ ਹਥਿਆਰ ਜੱਗੂ ਭਗਵਾਨਪੁਰੀਆ ਨੇ ਆਪਣੇ ਸਾਥੀ ਰਾਹੀਂ ਸਪਲਾਈ ਕੀਤੇ ਸਨ ਅਤੇ ਉਹ ਗੈਂਗਸਟਰ ਅੰਮਿ੍ਰਤਪਾਲ ਬਾਠ ਦੇ ਇਸ਼ਾਰੇ ’ਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਉਨ੍ਹਾਂ ਕਿਹਾ ਕਿ ਗਿ੍ਰਫਤਾਰ ਕੀਤੇ ਗਏ ਅਪਰਾਧੀ ਕਤਲ ਦੀ ਕੋਸ਼ਿਸ਼, ਗੈਰ-ਕਾਨੂੰਨੀ ਹਥਿਆਰ ਰੱਖਣ ਅਤੇ ਗੈਂਗ ਨਾਲ ਸੰਬੰਧਤ ਹਿੰਸਾ ਸਮੇਤ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ।
ਡੀ ਜੀ ਪੀ ਨੇ ਦੱਸਿਆ ਕਿ ਤਰਨ ਤਾਰਨ ਖੇਤਰ ਵਿੱਚ ਹਾਲ ਹੀ ਵਿੱਚ ਇਸ ਗਰੋਹ ਵੱਲੋਂ ਮਿੱਥ ਕੇ ਕੀਤੇ ਇੱਕ ਕਤਲ ਵਿੱਚ ਸ਼ਾਮਲ ਸ਼ੂਟਰ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਉਨ੍ਹਾ ਕਿਹਾ ਕਿ ਇਸ ਕੇਸ ਦੇ ਅਗਲੇ-ਪਿਛਲੇ ਸੰਬੰਧਾਂ ਦਾ ਪਤਾ ਲਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਐੱਸ ਐੱਸ ਪੀ ਤਰਨ ਤਾਰਨ ਅਭਿਮਨਿਊ ਰਾਣਾ ਨੇ ਦੱਸਿਆ ਕਿ ਹੁੰਡਈ ਕਰੇਟਾ ਕਾਰ ਵਿੱਚ ਸਵਾਰ ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ ਤੋਂ ਬਾਅਦ ਇੰਚਾਰਜ ਸੀ ਆਈ ਏ ਸਟਾਫ ਤਰਨ ਤਾਰਨ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਪੁਲਸ ਟੀਮ ਨੇ ਜੰਡਿਆਲਾ ਤੋਂ ਤਰਨ ਤਾਰਨ ਰੋਡ ’ਤੇ ਨਾਕਾ ਲਗਾਇਆ ਅਤੇ ਨਾਕਾਬੰਦੀ ਕਰ ਕੇ ਕਰੇਟਾ ਕਾਰ ਨੂੰ ਰੋਕਣ ’ਚ ਕਾਮਯਾਬ ਰਹੇ, ਜਿਸ ਦੇ ਸਿੱਟੇ ਵਜੋਂ ਗੁਰਮੀਤ ਸਿੰਘ ਉਰਫ਼ ਰਾਵਲ, ਲਵਪ੍ਰੀਤ ਸਿੰਘ ਉਰਫ਼ ਐੱਨ ਪੀ ਅਤੇ ਹਰਪਾਲ ਸਿੰਘ ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ। ਉਨ੍ਹਾ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਉਪਰੰਤ ਗੈਂਗ ਦੇ ਦੋ ਹੋਰ ਮੈਂਬਰਾਂ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਾਸੀਆਂ ਅਤੇ ਸੰਦੀਪ ਸਿੰਘ ਉਰਫ ਗੋਲੀ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ।





