ਅਖੌਤੀ ਫਿਲਮੀ ਤੇ ਖੇਡ ਹਸਤੀਆਂ ਦਾ ਇਖਲਾਕ ਸਵਾਲਾਂ ਦੇ ਘੇਰੇ ’ਚ

0
118

ਕੋਲਕਾਤਾ : ਤਿ੍ਰਣਮੂਲ ਕਾਂਗਰਸ ਦੇ ਸਾਂਸਦ ਅਭਿਸ਼ੇਕ ਬੈਨਰਜੀ ਨੇ ਖੇਡ ਤੇ ਫਿਲਮ ਜਗਤ ਦੀਆਂ ਹਸਤੀਆਂ ਦੀ ਐਤਵਾਰ ਨੁਕਤਾਚੀਨੀ ਕੀਤੀ ਕਿ ਉਨ੍ਹਾਂ ਮਹਾਨ ਮੁਦੱਬਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਚਲਾਣੇ ’ਤੇ ਸਤਿਕਾਰ ’ਚ ਦੋ ਸ਼ਬਦ ਵੀ ਨਹੀਂ ਉੱਚਰੇ। ਉਨ੍ਹਾ ਕਿਹਾ ਕਿ ਲੱਗਦਾ ਹੈ ਕਿ ਸਰਕਾਰ ਤੋਂ ਡਰਦਿਆਂ ਨੇ ਖਾਮੋਸ਼ੀ ਅਖਤਿਆਰ ਕਰ ਲਈ।
ਬੈਨਰਜੀ ਨੇ ਕਿਹਾ ਕਿ ਇਸ ਨੇ ਉਨ੍ਹਾਂ ਦੀਆਂ ਤਰਜੀਹਾਂ, ਜ਼ਿੰਮੇਵਾਰੀਆਂ ਤੇ ਦਿਆਨਤਦਾਰੀ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਉਨ੍ਹਾ ਕਿਹਾ ਕਿ ਕੌਮੀ ਮੁੱਦਿਆਂ ’ਤੇ ਚੁੱਪ ਵੱਟ ਲੈਣੀ ਇਨ੍ਹਾਂ ‘ਆਦਰਸ਼ਾਂ’ ਦਾ ਨੇਮ ਹੀ ਬਣ ਗਿਆ ਹੈ। ਇਹ ਲੋਕ ਕਿਸਾਨ ਪ੍ਰੋਟੈੱਸਟ, ਸੀ ਏ ਏ-ਐੱਨ ਆਰ ਸੀ ਅੰਦੋਲਨ ਤੇ ਮਨੀਪੁਰ ਦੇ ਸੰਕਟ ਬਾਰੇ ਚੁੱਪ ਹੀ ਰਹੇ ਹਨ। ਲੱਗਦਾ ਹੈ ਕਿ ਉਨ੍ਹਾਂ ਨੂੰ ਆਮ ਲੋਕਾਂ ਦੇ ਸੰਘਰਸ਼ਾਂ ਨਾਲ ਕੋਈ ਲੈਣਾ-ਦੇਣਾ ਨਹੀਂ।
ਲੋਕਾਂ ਨੇ ਹੀ ਉਨ੍ਹਾਂ ਨੂੰ ਪ੍ਰਸਿੱਧੀ ਤੇ ਦੌਲਤ ਦਿੱਤੀ ਹੈ, ਪਰ ਫਿਰ ਵੀ ਉਹ ਉਦੋਂ ਨਿੱਕਾ ਜਿਹਾ ਇਖਲਾਕੀ ਸਟੈਂਡ ਲੈਣ ਤੋਂ ਝਿਜਕਦੇ ਹਨ, ਜਦੋਂ ਰਾਸ਼ਟਰ ਨੂੰ ਬਹੁਤ ਲੋੜ ਹੁੰਦੀ ਹੈ। ਬੈਨਰਜੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਨ੍ਹਾਂ ਵੱਲ ਰੋਲ ਮਾਡਲਾਂ ਵਾਂਗ ਤੱਕਣਾ ਬੰਦ ਕਰਨ ਅਤੇ ਇਨ੍ਹਾਂ ਨੂੰ ਬਹੁਤਾ ਉੱਤੇ ਨਾ ਚੜ੍ਹਾਉਣ, ਕਿਉਕਿ ਇਨ੍ਹਾਂ ਨੂੰ ਆਪਣੇ ਕੈਰੀਅਰ ਤੇ ਆਰਾਮ ਦੀ ਹੀ ਚਿੰਤਾ ਹੈ। ਇਨ੍ਹਾਂ ਦੀ ਥਾਂ ਲੋਕ ਉਨ੍ਹਾਂ ਦਾ ਸਤਿਕਾਰ ਕਰਨ, ਜਿਨ੍ਹਾਂ ਰਾਸ਼ਟਰ ਤੇ ਸਮਾਜ ਲਈ ਸੱਚਾ ਯੋਗਦਾਨ ਪਾਇਆ ਹੈ। ਉਹ ਉਨ੍ਹਾਂ ਦੀ ਕਦਰ ਪਾਉਣ, ਜਿਹੜੇ ਇਨਸਾਫ, ਜਮਹੂਰੀਅਤ ਤੇ ਰਾਸ਼ਟਰ ਦੇ ਭਲੇ ਲਈ ਖੜ੍ਹਦੇ ਹਨ।