ਜਹਾਜ਼ ਕੰਧ ’ਚ ਵੱਜਾ, 179 ਮੌਤਾਂ

0
130

ਸਿਓਲ : ਦੱਖਣੀ ਕੋਰੀਆ ’ਚ ਐਤਵਾਰ ਸਵੇਰੇ ਭਿਆਨਕ ਹਾਦਸੇ ’ਚ 179 ਲੋਕਾਂ ਦੀ ਮੌਤ ਹੋ ਗਈ, ਜਦੋਂ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਆਇਆ ਜਹਾਜ਼ ਰਾਜਧਾਨੀ ਸਿਓਲ ਤੋਂ ਲੱਗਭੱਗ 290 ਕਿੱਲੋਮੀਟਰ ਦੱਖਣ ’ਚ ਮੁਆਨ ਏਅਰਪੋਰਟ ’ਤੇ ਉਤਰਨ ਵੇਲੇ ਰਨਵੇਅ ਤੋਂ ਫਿਸਲ ਕੇ ਕੰਧ ਨਾਲ ਟਕਰਾਅ ਗਿਆ।
ਹਵਾਈ ਅੱਡੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਇਲਟ ਨੇ ਰੂਟੀਨ ਲੈਂਡਿੰਗ ਦੀ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਕਰੈਸ਼ ਲੈਂਡਿੰਗ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੱਕ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੀ ਲੈਂਡਿੰਗ ’ਚ ਦਿੱਕਤ ਆਈ। ਜਿਵੇਂ ਹੀ ਪੰਛੀ ਟਕਰਾਇਆ, ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ। ਜਹਾਜ਼ ਨੇ ਬਿਨਾਂ ਲੈਂਡਿੰਗ ਗੀਅਰ ਦੇ ਉਤਰਨ ਦੀ ਕੋਸ਼ਿਸ਼ ਕੀਤੀ ਅਤੇ ਫਿਸਲ ਗਿਆ।
ਟਰਾਂਸਪੋਰਟ ਮੰਤਰਾਲੇ ਨੇ ਦੱਸਿਆ ਕਿ ਜੇਜੂ ਏਅਰ ਦਾ ਬੋਇੰਗ 737-800 ਜੈੱਟ 15 ਸਾਲ ਪੁਰਾਣਾ ਸੀ। ਬਚਾਅਕਾਰੀ ਸਿਰਫ ਦੋ ਪਾਇਲਟਾਂ ਨੂੰ ਹੀ ਬਚਾਅ ਸਕੇ। ਅੱਗ ਬੁਝਾਉਣ ਲਈ 32 ਫਾਇਰ ਟਰੱਕ ਤੇ ਕਈ ਹੈਲੀਕਾਪਟਰ ਲਾਏ ਗਏ। ਲੱਗਭੱਗ 1560 ਬਚਾਅਕਾਰੀ ਮੌਕੇ ’ਤੇ ਤਾਇਨਾਤ ਕੀਤੇ ਗਏ। ਦੱਖਣੀ ਕੋਰੀਆਈ ਟੀ ਵੀ ਚੈਨਲਾਂ ਮੁਤਾਬਕ ਜਹਾਜ਼ ਪੱਟੀ ਤੋਂ ਫਿਸਲਣ ਵੇਲੇ ਹਾਈ ਸਪੀਡ ’ਚ ਸੀ ਤੇ ਲੈਂਡਿੰਗ ਗੀਅਰ ਨਾ ਖੁੱਲ੍ਹਣ ਕਾਰਨ ਪੱਟੀ ਤੋਂ ਪਾਸੇ ਜਾ ਕੇ ਕੰਧ ’ਚ ਵੱਜਾ। ਇਸ ਤੋਂ ਬਾਅਦ ਧਮਾਕਾ ਹੋ ਗਿਆ।
ਮੁਆਨ ਫਾਇਰ ਸਟੇਸ਼ਨ ਦੇ ਮੁਖੀ ਲੀ ਜਿਓਂਗ-ਹਾਈਓਨ ਨੇ ਦੱਸਿਆ ਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਗਿਆ। ਸਿਰਫ ਪੂੰਛ ਹੀ ਬਚੀ। ਟਰਾਂਸਪੋਰਟ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਚਾਰ ਰਿਕਾਰਡ ਦੇ ਸ਼ੁਰੂਆਤੀ ਜਾਇਜ਼ੇ ਤੋਂ ਪਤਾ ਲੱਗਦਾ ਹੈ ਕਿ ਏਅਰਪੋਰਟ ਕੰਟਰੋਲ ਟਾਵਰ ਨੇ ਜਹਾਜ਼ ਨੂੰ ਉਤਰਨ ਤੋਂ ਪਹਿਲਾਂ ਪੰਛੀਆਂ ਦੇ ਟਕਰਾਉਣ ਬਾਰੇ ਖਬਰਦਾਰ ਕੀਤਾ ਸੀ ਤੇ ਕਿਸੇ ਹੋਰ ਇਲਾਕੇ ’ਚ ਉਤਰਨ ਦੀ ਆਗਿਆ ਦਿੱਤੀ। ਪਾਇਲਟ ਨੇ ਜਹਾਜ਼ ਦੇ ਫਿਸਲਣ ਤੋਂ ਪਹਿਲਾਂ ਬਿਪਤਾ ਦਾ ਸੰਕੇਤ ਦਿੱਤਾ ਤੇ ਫਿਰ ਕੰਧ ’ਚ ਜਾ ਵੱਜਾ। ਇਹ ਦੱਖਣੀ ਕੋਰੀਆ ਦੇ ਹਵਾਬਾਜ਼ੀ ਇਤਿਹਾਸ ਦੇ ਮਾਰੂ ਹਾਦਸਿਆਂ ਵਿੱਚੋਂ ਇੱਕ ਹੈ। ਇਸ ਤੋਂ ਪਹਿਲਾਂ 1997 ’ਚ ਗੁਆਮ ’ਚ 228 ਲੋਕ ਮਾਰੇ ਗਏ ਸਨ। 2013 ’ਚ ਏਸ਼ੀਆਨਾ ਏਅਰਲਾਈਨਜ਼ ਦਾ ਜਹਾਜ਼ ਸਾਨ ਫਰਾਂਸਿਸਕੋ ਵਿੱਚ ਤਬਾਹ ਹੋਣ ਨਾਲ ਤਿੰਨ ਲੋਕ ਮਾਰੇ ਗਏ ਸਨ ਤੇ ਕਰੀਬ 200 ਜ਼ਖਮੀ ਹੋ ਗਏ ਸਨ।
ਇਹ ਹਾਦਸਾ ਲੈਂਡਿੰਗ ਵੇਲੇ ਵਾਪਰਨ ਵਾਲੇ ਭਿਆਨਕ ਹਾਦਸਿਆਂ ’ਚੋਂ ਇੱਕ ਹੈ। ਜੁਲਾਈ 2007 ਵਿੱਚ ਬਰਾਜ਼ੀਲ ਦੇ ਸਾਓ ਪੌਲੋ ’ਚ ਏਅਰਬੱਸ ਏ-320 ਫਿਸਲ ਕੇ ਨੇੜਲੀ ਇਮਾਰਤ ’ਚ ਵੱਜਣ ਨਾਲ ਉਸ ਵਿੱਚ ਸਵਾਰ ਸਾਰੇ 187 ਲੋਕ ਮਾਰੇ ਗਏ ਸਨ ਤੇ ਹੇਠਾਂ ਵੀ 12 ਲੋਕ ਮਾਰੇ ਗਏ ਸਨ। 2010 ਵਿੱਚ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕਰਨਾਟਕ ਦੇ ਮੈਂਗਲੁਰੂ ’ਚ ਰਨਵੇਅ ਤੋਂ ਅੱਗੇ ਖੱਡ ’ਚ ਡਿੱਗਣ ਕਾਰਨ 158 ਲੋਕ ਮਾਰੇ ਗਏ ਸਨ।
ਸਾਬਕਾ ਪਾਇਲਟ ਸਮੇਤ ਸੋਸ਼ਲ ਮੀਡੀਆ ਯੂਜ਼ਰਜ਼ ਨੇ ਹਾਦਸੇ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਇਕ ਯੂਜ਼ਰ ਨੇ ਕਿਹਾ ਕਿ ਤਿੰਨ ਕਿੱਲੋਮੀਟਰ ਤੋਂ ਘੱਟ ਲੰਬੇ ਰਨਵੇਅ ’ਤੇ ਲੈਂਡ ਕਰਦੇ ਸਮੇਂ ਜਹਾਜ਼ ਦੀ ਤੇਜ਼ ਰਫਤਾਰ ਵੀ ਇਸ ਦਾ ਕਾਰਨ ਹੋ ਸਕਦੀ ਹੈ। ਦੂਜਿਆਂ ਨੇ ਪੁੱਛਿਆ ਹੈ ਕਿ ਜੇ ਇਹ ਯੋਜਨਾਬੱਧ ਬੈਲੀ ਲੈਂਡਿੰਗ ਸੀ ਤਾਂ ਰਨਵੇਅ ਦੇ ਨੇੜੇ ਫਾਇਰ ਫਾਈਟਰਾਂ ਨੂੰ ਕਿਉਂ ਨਹੀਂ ਤਾਇਨਾਤ ਕੀਤਾ ਗਿਆ ਸੀ। ਇਕ ਹੋਰ ਸਵਾਲ ਇਹ ਹੈ ਕਿ ਏਅਰਕ੍ਰਾਫਟ ਟ੍ਰੈਜੈਕਟਰੀ ਦਰਸਾਉਂਦੀ ਹੈ ਕਿ ਬੈਲੀ ਲੈਂਡਿੰਗ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਜਹਾਜ਼ ਨੇ ਚੱਕਰ ਨਹੀਂ ਲਗਾਇਆ ਸੀ।
ਮੁਆਨ ਫਾਇਰ ਸਟੇਸ਼ਨ ਦੇ ਮੁਖੀ ਲੀ ਜੇਓਂਗ-ਹਿਊਨ ਨੇ ਕਿਹਾ ਕਿ ਦੁਰਘਟਨਾ ਦਾ ਕਾਰਨ ਖਰਾਬ ਮੌਸਮ ਦੇ ਨਾਲ-ਨਾਲ ਪੰਛੀਆਂ ਦੀ ਟੱਕਰ ਲੱਗਦਾ ਹੈ। ਹਾਲਾਂਕਿ ਸਹੀ ਕਾਰਨ ਦਾ ਐਲਾਨ ਸਾਂਝੀ ਜਾਂਚ ਤੋਂ ਬਾਅਦ ਕੀਤਾ ਜਾਵੇਗਾ।