100 ਸਾਲਾ ਸਾਬਕਾ ਅਮਰੀਕੀ ਰਾਸ਼ਟਰਪਤੀ ਜਿਮੀ ਕਾਰਟਰ ਦਾ ਦੇਹਾਂਤ

0
119

ਵਾਸ਼ਿੰਗਟਨ : ਅਮਰੀਕਾ ਦੇ 39ਵੇਂ ਰਾਸ਼ਟਰਪਤੀ ਜਿਮੀ ਕਾਰਟਰ ਦਾ ਐਤਵਾਰ 100 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਅਮਰੀਕੀ ਇਤਿਹਾਸ ’ਚ ਸਭ ਤੋਂ ਲੰਬੇ ਸਮੇਂ ਤੱਕ ਜੀਉਂਦੇ ਰਹਿਣ ਵਾਲੇ ਰਾਸ਼ਟਰਪਤੀ ਹੋਏ।
ਕਾਰਟਰ ਸੈਂਟਰ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾ ਜਾਰਜੀਆ ਸੂਬੇ ਦੇ ਪਲੇਨਸ ’ਚ ਆਪਣੇ ਘਰ ਸ਼ਾਂਤੀ ਨਾਲ ਆਖ਼ਰੀ ਸਾਹ ਲਏ। ਉਹ ਆਪਣੇ ਪਿੱਛੇ ਆਪਣੇ ਬੱਚੇ ਜੈਕ, ਚਿੱਪ, ਜੈੱਫ ਤੇ ਐਮੀ; 11 ਪੋਤੇ-ਪੋਤੀਆਂ ਅਤੇ 14 ਪੜਪੋਤੇ-ਪੜਪੋਤੀਆਂ ਛੱਡ ਗਏ ਹਨ। ਉਨ੍ਹਾ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਰੋਜ਼ਾਲਿਨ ਦਾ ਦੇਹਾਂਤ ਹੋ ਗਿਆ ਸੀ।
ਉਨ੍ਹਾ ਦੇ ਚਲਾਣੇ ਉਤੇ ਦੁੱਖ ਜ਼ਾਹਰ ਕਰਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾਅੱਜ, ਅਮਰੀਕਾ ਅਤੇ ਦੁਨੀਆ ਨੇ ਇੱਕ ਅਸਾਧਾਰਨ ਨੇਤਾ, ਰਾਜਨੇਤਾ ਅਤੇ ਮਾਨਵਤਾਵਾਦੀ ਗੁਆ ਲਿਆ ਹੈ।
ਉਨ੍ਹਾ ਦੇ ਪੁੱਤਰ ਚਿੱਪ ਕਾਰਟਰ ਨੇ ਕਿਹਾਮੇਰੇ ਪਿਤਾ ਜੀ ਇੱਕ ਨਾਇਕ ਸਨ, ਨਾ ਸਿਰਫ ਮੇਰੇ ਲਈ, ਸਗੋਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸੁਆਰਥ ਪਿਆਰ ’ਚ ਵਿਸ਼ਵਾਸ ਰੱਖਣ ਵਾਲੇ ਹਰ ਵਿਅਕਤੀ ਲਈ ਵੀ। ਦੁਨੀਆ ਸਾਡਾ ਪਰਵਾਰ ਹੈ, ਕਿਉਂਕਿ ਉਨ੍ਹਾ ਨੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਅਸੀਂ ਇਨ੍ਹਾਂ ਸਾਂਝੇ ਵਿਸ਼ਵਾਸਾਂ ਨੂੰ ਜਾਰੀ ਰੱਖ ਕੇ ਉਨ੍ਹਾ ਦੀ ਯਾਦ ਦਾ ਸਨਮਾਨ ਕਰਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾਭਾਵੇਂ ਮੇਰੇ ਕਾਰਟਰ ਨਾਲ ਫਿਲਾਸਫੀ ਅਤੇ ਸਿਆਸੀ ਤੌਰ ’ਤੇ ਬਹੁਤ ਜ਼ਿਆਦਾ ਮਤਭੇਦ ਸਨ, ਪਰ ਇਸ ਦੇ ਬਾਵਜੂਦ ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਉਹ ‘ਸਾਡੇ ਦੇਸ਼’ ਨੂੰ ਸੱਚਮੁੱਚ ਪਿਆਰ ਕਰਦੇ ਸਨ ਅਤੇ ਇਸ ਦੀਆਂ ‘ਕਦਰਾਂ ਕੀਮਤਾਂ ਦਾ ਸਤਿਕਾਰ’ ਕਰਦੇ ਸਨ। ਉਨ੍ਹਾ ਨੇ ਅਮਰੀਕਾ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਲਈ ਸਖਤ ਮਿਹਨਤ ਕੀਤੀ, ਅਤੇ ਇਸ ਲਈ, ਮੈਂ ਉਨ੍ਹਾ ਨੂੰ ਤਹਿਦਿਲੋਂ ਸਤਿਕਾਰ ਦਿੰਦਾ ਹਾਂ।
ਕਾਰਟਰ ਨੂੰ ਭਾਰਤ ਦਾ ਦੋਸਤ ਮੰਨਿਆ ਜਾਂਦਾ ਸੀ। ਉਹ 1977 ’ਚ ਐਮਰਜੈਂਸੀ ਹਟਾਉਣ ਅਤੇ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਭਾਰਤ ਦਾ ਦੌਰਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਸਨ। ਭਾਰਤੀ ਸੰਸਦ ਨੂੰ ਆਪਣੇ ਸੰਬੋਧਨ ’ਚ ਕਾਰਟਰ ਨੇ ਤਾਨਾਸ਼ਾਹੀ ਹਕੂਮਤ ਦਾ ਵਿਰੋਧ ਕੀਤਾ ਸੀ। ਉਨ੍ਹਾ 2 ਜਨਵਰੀ, 1978 ਨੂੰ ਕਿਹਾ ਸੀਭਾਰਤ ਦੀਆਂ ਮੁਸ਼ਕਲਾਂ, ਜਿਨ੍ਹਾਂ ਨੂੰ ਅਸੀਂ ਅਕਸਰ ਆਪਣੇ ਆਪ ਅਨੁਭਵ ਕਰਦੇ ਹਾਂ ਅਤੇ ਜੋ ਵਿਕਾਸਸ਼ੀਲ ਸੰਸਾਰ ’ਚ ਦਰਪੇਸ਼ ਸਮੱਸਿਆਵਾਂ ਦੀ ਵਿਸ਼ੇਸ਼ਤਾ ਹਨ, ਸਾਨੂੰ ਅੱਗੇ ਆਉਣ ਵਾਲੇ ਕੰਮਾਂ ਦੀ ਯਾਦ ਦਿਵਾਉਂਦੀਆਂ ਹਨ। ਪਰ ਇਹ ਸਾਨੂੰ ਤਾਨਾਸ਼ਾਹੀ ਰਾਹ ਨਹੀਂ ਸੁਝਾਉਂਦੀਆਂ।
ਇੱਕ ਦਿਨ ਬਾਅਦ ਤੱਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੇ ਨਾਲ ਦਿੱਲੀ ਐਲਾਨਨਾਮੇ ’ਤੇ ਦਸਤਖਤ ਕਰਨ ਵੇਲੇ, ਕਾਰਟਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਦੋਸਤੀ ਦੇ ਕੇਂਦਰ ’ਚ ਉਨ੍ਹਾ ਦਾ ਇਹ ਦਿ੍ਰੜ੍ਹ ਇਰਾਦਾ ਹੈ ਕਿ ਲੋਕਾਂ ਦੀਆਂ ਇਖ਼ਲਾਕੀ ਕਦਰਾਂ-ਕੀਤਾਂ ਵੱਲੋਂ ਰਿਆਸਤਾਂ/ਸਟੇਟਾਂ ਤੇ ਸਰਕਾਰਾਂ ਦੇ ਕੰਮਾਂ ਨੂੰ ਸੇਧ ਦਿੱਤੀ ਜਾਵੇ।
ਕਾਰਟਰ ਸੈਂਟਰ ਦੇ ਅਨੁਸਾਰ 3 ਜਨਵਰੀ, 1978 ਨੂੰ ਕਾਰਟਰ ਅਤੇ ਉਨ੍ਹਾ ਦੀ ਪਤਨੀ ਤੇ ਪ੍ਰਥਮ ਮਹਿਲਾ ਰੋਜ਼ਾਲਿਨ ਕਾਰਟਰ ਦੌਲਤਪੁਰ ਨਸੀਰਾਬਾਦ ਪਿੰਡ ਗਏ, ਜਿਹੜਾ ਨਵੀਂ ਦਿੱਲੀ ਤੋਂ ਇੱਕ ਘੰਟੇ ਦੇ ਸਫ਼ਰ ਦੇ ਫ਼ਾਸਲੇ ਉਤੇ ਹੈ। ਉਹ ਭਾਰਤ ਦਾ ਦੌਰਾ ਕਰਨ ਵਾਲੇ ਤੀਜੇ ਅਤੇ ਦੇਸ਼ ਨਾਲ ਨਿੱਜੀ ਸੰਬੰਧ ਰੱਖਣ ਵਾਲੇ ਇਕਲੌਤੇ ਅਮਰੀਕੀ ਰਾਸ਼ਟਰਪਤੀ ਸਨ। ਕਾਰਟਰ ਸੈਂਟਰ ਮੁਤਾਬਕ ਇਹ ਦੌਰਾ ਇੰਨਾ ਸਫਲ ਰਿਹਾ ਕਿ ਥੋੜ੍ਹੀ ਦੇਰ ਬਾਅਦ ਪਿੰਡ ਦੇ ਵਸਨੀਕਾਂ ਨੇ ਪਿੰਡ ਦਾ ਨਾਂ ‘ਕਾਰਟਰਪੁਰੀ’ ਰੱਖ ਦਿੱਤਾ ਅਤੇ ਪਿੰਡ ਵਾਲੇ ਰਾਸ਼ਟਰਪਤੀ ਕਾਰਟਰ ਦੇ ਬਾਕੀ ਕਾਰਜਕਾਲ ਦੌਰਾਨ ਵ੍ਹਾਈਟ ਹਾਊਸ ਦੇ ਸੰਪਰਕ ’ਚ ਰਹੇ। ਇਸ ਯਾਤਰਾ ਨੇ ਇੱਕ ਸਥਾਈ ਪ੍ਰਭਾਵ ਪਾਇਆ। ਜਦੋਂ ਰਾਸ਼ਟਰਪਤੀ ਕਾਰਟਰ ਨੇ 2002 ’ਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਤਾਂ ਪਿੰਡ ’ਚ ਭਾਰੀ ਜਸ਼ਨ ਮਨਾਏ ਗਏ ਅਤੇ 3 ਜਨਵਰੀ ਨੂੰ ਕਾਰਟਰਪੁਰੀ ’ਚ ਛੁੱਟੀ ਰਹਿੰਦੀ ਹੈ।