ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਯੋਗ ਗੁਰੂ ਬਾਬਾ ਰਾਮਦੇਵ ਦੇ ਇਸ ਹਾਲੀਆ ਬਿਆਨ ’ਤੇ ਕਿੰਤੂ ਕੀਤਾ ਕਿ ਟੀਕਾ ਲੁਆਉਣ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਜੋਇ ਬਾਇਡੇਨ ਨੂੰ ਮੁੜ ਕੋਰੋਨਾ ਚਿੰਬੜ ਗਿਆ। ਜਸਟਿਸ ਅਨੂਪ ਜੈਰਾਮ ਭੰਬਾਨੀ ਨੇ ਕਿਹਾਪਹਿਲੀ ਗੱਲ, ਮੈਂ ਚਿੰਤਤ ਹਾਂ ਕਿ ਆਯੁਰਵੇਦ ਦੇ ਚੰਗੇ ਨਾਂਅ ਨੂੰ ਵੱਟਾ ਲਾਇਆ ਜਾ ਰਿਹਾ ਹੈ। ਆਯੁਰਵੇਦ ਮਾਨਤਾਪ੍ਰਾਪਤ ਤੇ ਦਵਾਈ ਦਾ ਪ੍ਰਾਚੀਨ ਸਿਸਟਮ ਹੈ। ਆਯੁਰਵੇਦ ਨੂੰ ਬਦਨਾਮ ਕਰਨ ਦਾ ਜਤਨ ਨਹੀਂ ਕੀਤਾ ਜਾਣਾ ਚਾਹੀਦਾ। ਦੂਜੀ ਗੱਲ, ਲੋਕਾਂ ਦਾ ਨਾਂਅ ਲਿਆ ਜਾ ਰਿਹਾ ਹੈ। ਇਸ ਦਾ ਸਾਡੇ ਰਿਸ਼ਤਿਆਂ ਅਤੇ ਦੇਸ਼ ਦੇ ਬਾਹਰਲੇ ਦੇਸ਼ਾਂ ਨਾਲ ਰਿਸ਼ਤਿਆਂ ’ਤੇ ਗੰਭੀਰ ਅਸਰ ਹੋ ਸਕਦਾ ਹੈ। ਆਗੂਆਂ ਦਾ ਨਾਂਅ ਲੈਣ ਨਾਲ ਦੂਜੇ ਦੇਸ਼ਾਂ ਨਾਲ ਸਾਡੇ ਚੰਗੇ ਸੰਬੰਧ ਪ੍ਰਭਾਵਤ ਹੋਣਗੇ।
ਜਸਟਿਸ ਭੰਬਾਨੀ ਨੇ ਇਹ ਟਿੱਪਣੀਆਂ ਐਲੋਪੈਥੀ ਖਿਲਾਫ ਰਾਮਦੇਵ ਦੇ ਬਿਆਨਾਂ ਵਿਰੁੱਧ ਡਾਕਟਰਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਕੀਤੇ ਕੇਸ ਦੀ ਸੁਣਵਾਈ ਦੌਰਾਨ ਕੀਤੀਆਂ। ਜਸਟਿਸ ਭੰਬਾਨੀ ਨੇ ਕਿਹਾਇਹ ਕਹਿਣਾ ਇਕ ਗੱਲ ਹੈ ਕਿ ਮੈਂ ਟੀਕਾ ਨਹੀਂ ਲੁਆਇਆ, ਪਰ ਇਹ ਕਹਿਣਾ ਇਕਦਮ ਵੱਖਰੀ ਗੱਲ ਹੈ ਕਿ ਇਹ ਟੀਕਾ ਛੱਡੋ, ਇਹ ਬੇਕਾਰ ਹੈ ਤੇ ਸੰਸਾਰ ਆਗੂਆਂ ਸਣੇ ਸਭ ਲੋਕ ਉਹ ਟੀਕਾ ਲੁਆਉਣ, ਜਿਹੜਾ ਮੈਂ ਤਿਆਰ ਕੀਤਾ ਹੈ। ਜਸਟਿਸ ਭੰਬਾਨੀ ਨੇ ਕਿਹਾ ਕਿ ਕੋਈ ਵੀ ਕੁਝ ਵੀ ਚੁਣਨ ਲਈ ਆਜ਼ਾਦ ਹੈ। ਰਾਮਦੇਵ ਉਨ੍ਹਾਂ ਵਿਚ ਵਿਸ਼ਵਾਸ ਕਰਨ ਵਾਲੇ ਪੈਰੋਕਾਰਾਂ, ਚੇਲਿਆਂ ਤੇ ਲੋਕਾਂ ਨੂੰ ਕੁਝ ਵੀ ਕਹਿਣ, ਪਰ �ਿਪਾ ਕਰਕੇ ਅਧਿਕਾਰਤ ਗੱਲ ਤੋਂ ਬਾਹਰੀ ਗੱਲ ਕਹਿ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ।
ਜਸਟਿਸ ਭੰਬਾਨੀ ਨੇ ਬਾਬੇ ਨੂੰ ਪੁੱਛਿਆ ਕਿ ਕੀ ਉਹ ਆਪਣੀ ਕੋਰੋਨਿਲ ਦਵਾਈ ਬਾਰੇ ਕੇਸ ਦੀ ਸੁਣਵਾਈ ਚੱਲਣ ਤੱਕ ਹੋਰ ਬਿਆਨਬਾਜ਼ੀ ਕਰਨ ਤੋਂ ਰੁਕਣ ਦਾ ਵਚਨ ਦੇਣਗੇ? ਰਾਮਦੇਵ ਦੇ ਵਕੀਲ ਨੇ ਅਜਿਹਾ ਵਚਨ ਦੇਣ ਤੋਂ ਇਨਕਾਰ ਕਰ ਦਿੱਤਾ।
ਕੋਰਟ ਨੇ ਰਾਮਦੇਵ ਦੇ ਵਕੀਲ ਵੱਲੋਂ ਮੁਦਈ ਦੀ ਬਦਨਾਮੀ ਕਰਨ ਤੇ ਕੇਸ ਨੂੰ ਅਜੀਬ ਮੋੜ ਦੇਣ ਦਾ ਵੀ ਨੋਟਿਸ ਲਿਆ। ਰਾਮਦੇਵ ਦੇ ਵਕੀਲ ਦੇ ਇਸ ਬਿਆਨ ਕਿ ਕੇਸ ਨੂੰ ਕਾਂਗਰਸ ਬਨਾਮ ਭਾਜਪਾ ਬਣਾਇਆ ਜਾ ਰਿਹਾ ਹੈ, ਕੋਰਟ ਨੇ ਕਿਹਾਕੋਰਟਰੂਮ ਵਿਚ ਸਿਆਸਤ ਲਈ ਕੋਈ ਥਾਂ ਨਹੀਂ।
ਸੀਨੀਅਰ ਵਕੀਲ ਅਖਿਲ ਸਿੱਬਲ ਨੇ ਬੁੱਧਵਾਰ ਡਾਕਟਰਾਂ ਦੀਆਂ ਐਸੋਸੀਏਸ਼ਨਾਂ ਦੇ ਗਰੁੱਪ ਤਰਫੋਂ ਆਪਣੀਆਂ ਦਲੀਲਾਂ ਮੁਕੰਮਲ ਕਰ ਦਿੱਤੀਆਂ। ਡਾਕਟਰਾਂ ਦਾ ਦੋਸ਼ ਹੈ ਕਿ ਰਾਮਦੇਵ ਨੇ ਕੋਰੋਨਾ ਮਹਾਂਮਾਰੀ ਦੌਰਾਨ ਐਲੋਪੈਥੀ ਦੇ ਖਿਲਾਫ ਬਿਆਨ ਦਿੱਤੇ ਅਤੇ ਕੋਰੋਨਿਲ ਨੂੰ ਕੋਰੋਨਾ ਦਾ ਇਲਾਜ ਦੱਸਿਆ। ਕੋਰਟ ਅਗਲੇ ਹਫਤੇ ਵੀ ਸੁਣਵਾਈ ਜਾਰੀ ਰੱਖੇਗੀ। ਜੁਲਾਈ ਵਿਚ ਰਾਮਦੇਵ ਤੇ ਹੋਰਨਾਂ ਨੇ ਕੋਰਟ ਨੂੰ ਕਿਹਾ ਸੀ ਕਿ ਉਹ ਮੁਕੱਦਮੇ ਵਿਚ ਉਠਾਏ ਮੁੱਦਿਆਂ ਉੱਤੇ ਲੋੜੀਂਦੇ ਸਪੱਸ਼ਟੀਕਰਨ ਦੇਣ ਲਈ ਤਿਆਰ ਹਨ, ਪਰ ਐਲੋਪੈਥਿਕ ਡਾਕਟਰ ਰਾਮਦੇਵ ਦੀ ਧਿਰ ਵੱਲੋਂ ਤਿਆਰ ਡਰਾਫਟ ਨਾਲ ਸਹਿਮਤ ਨਹੀਂ ਹੋਏ। ਰੈਜ਼ੀਡੈਂਟਸ ਡਾਕਟਰਜ਼ ਐਸੋਸੀਏਸ਼ਨ ਆਫ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਰਿਸ਼ੀਕੇਸ਼ ਤੇ ਡਾਕਟਰਾਂ ਦੀਆਂ ਹੋਰਨਾਂ ਯੂਨੀਅਨਾਂ ਦੀ ਮੰਗ ਹੈ ਕਿ ਐਲੋਪੈਥੀ ਵਿਰੁੱਧ ਬਾਬੇ ਦੀ ਬਿਆਨਬਾਜ਼ੀ ’ਤੇ ਪੱਕੀ ਰੋਕ ਲਾਈ ਜਾਵੇ। ਰਾਮਦੇਵ ਨੇ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਕੋਰੋਨਾ ਵਿਚ ਮੌਤਾਂ ਲਈ ਐਲੋਪੈਥੀ ਜ਼ਿੰਮੇਵਾਰ ਹੈ ਅਤੇ ਐਲੋਪੈਥਿਕ ਡਾਕਟਰ ਲੋਕਾਂ ਦੀ ਮੌਤ ਦਾ ਕਾਰਨ ਬਣੇ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮਦੇਵ ਬਹੁਤ ਪ੍ਰਭਾਵਸ਼ਾਲੀ ਹੈ ਤੇ ਉਸ ਦੇ ਸੋਸ਼ਲ ਮੀਡੀਆ ’ਤੇ ਲੱਖਾਂ ਪੈਰੋਕਾਰ ਹਨ। ਉਹ ਉਸ ਦੇ ਪਿੱਛੇ ਲੱਗ ਸਕਦੇ ਹਨ।