ਨਵੀਂ ਦਿੱਲੀ : ਭਾਜਪਾ ਨੇ ਬੁੱਧਵਾਰ ਆਪਣੀ ਟਾਪ ਦੀਆਂ ਫੈਸਲੇ ਲੈਣ ਵਾਲੀਆਂ ਬਾਡੀਆਂ ਸੰਸਦੀ ਬੋਰਡ ਤੇ ਕੇਂਦਰੀ ਚੋਣ ਕਮਿਸ਼ਨ ਕਮੇਟੀ ਦਾ ਪੁਨਰਗਠਨ ਕੀਤਾ। ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜਿਹੜੇ ਪਾਰਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ 11 ਮੈਂਬਰੀ ਬੋਰਡ ਤੇ 15 ਮੈਂਬਰੀ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ। ਸਾਬਕਾ ਆਈ ਪੀ ਐੱਸ ਅਫਸਰ ਇਕਬਾਲ ਸਿੰਘ ਲਾਲਪੁਰਾ, ਜਿਹੜੇ 2012 ਵਿਚ ਭਾਜਪਾ ’ਚ ਸ਼ਾਮਲ ਹੋਏ ਸਨ ਤੇ ਇਸ ਵੇਲੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਨ, ਨੂੰ ਦੋਹਾਂ ਅਹਿਮ ਕਮੇਟੀਆਂ ਵਿਚ ਪਾਇਆ ਗਿਆ ਹੈ।
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐੱਸ ਯੇਦੀਯੁਰੱਪਾ ਤੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੂੰ ਵੀ ਦੋਵਾਂ ਬਾਡੀਆਂ ਵਿਚ ਸ਼ਾਮਲ ਕੀਤਾ ਗਿਆ ਹੈ।
ਬੋਰਡ ’ਚ ਛੇ ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਹੈ। ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਹੋਰਨਾਂ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ) ਮੋਰਚਾ ਦੇ ਕੌਮੀ ਪ੍ਰਧਾਨ ਕੇ ਲਕਸ਼ਮਣ, ਪਾਰਟੀ ਦੀ ਕੌਮੀ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਸੁਧਾ ਯਾਦਵ ਅਤੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਸਤਿਆਨਾਰਾਇਣ ਜਾਤੀਆ ਨੂੰ ਸੰਸਦੀ ਬੋਰਡ ਤੇ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਪਾਰਟੀ ਪ੍ਰਧਾਨ ਜੇ ਪੀ ਨੱਢਾ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੰਗਠਨ ਦੇ ਜਨਰਲ ਸਕੱਤਰ ਬੀ ਐੱਲ ਸੰਤੋਸ਼ ਪਹਿਲਾਂ ਹੀ ਸੰਸਦੀ ਬੋਰਡ ਦੇ ਮੈਂਬਰ ਹਨ। ਇਸ ਤੋਂ ਇਲਾਵਾ ਦੇਵੇਂਦਰ ਫੜਨਵੀਸ, ਓਮ ਮਾਥੁਰ, ਮਹਿਲਾ ਵਿੰਗ ਦੀ ਪ੍ਰਧਾਨ ਵਨਤੀ ਸ੍ਰੀਨਿਵਾਸਨ ਤੇ ਭੁਪਿੰਦਰ ਯਾਦਵ ਨੂੰ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ, ਜਦ ਕਿ ਸ਼ਾਹਨਵਾਜ਼ ਹੁਸੈਨ ਤੇ ਜੁਆਲ ਓਰਾਂਵ ਨੂੰ ਹਟਾ ਦਿੱਤਾ ਗਿਆ ਹੈ।
ਬੋਰਡ ਤੇ ਚੋਣ ਕਮੇਟੀ ਵਿਚ ਕਿਸੇ ਭਾਜਪਾ ਮੁੱਖ ਮੰਤਰੀ ਨੂੰ ਥਾਂ ਨਹੀਂ ਮਿਲੀ ਹੈ। ਇਥੋਂ ਤੱਕ ਕਿ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਵੀ ਥਾਂ ਨਹੀਂ ਮਿਲੀ। ਯੋਗੀ ਦੇ ਸੂਬੇ ਯੂ ਪੀ ਵਿਚ ਲੋਕ ਸਭਾ ਦੀਆਂ 80 ਸੀਟਾਂ ਹਨ। ਦੱਸਿਆ ਜਾਂਦਾ ਹੈ ਕਿ ਹਿੰਦੂ ਸਮਰਾਟ ਵਜੋਂ ਯੋਗੀ ਦੀ ਮਸ਼ਹੂਰੀ ਮੋਦੀ ਤੇ ਸ਼ਾਹ ਨੂੰ ਰਾਸ ਨਹੀਂ ਆ ਰਹੀ। ਬੋਰਡ ਵਿਚ ਵਾਜਪਾਈ ਦੌਰ ਦੇ ਸਿਰਫ ਰੱਖਿਆ ਮੰਤਰੀ ਰਾਜਨਾਥ ਸਿੰਘ ਰਹਿ ਗਏ ਹਨ।
63 ਸਾਲ ਦੇ ਸ਼ਿਵਰਾਜ ਚੌਹਾਨ ਨੂੰ ਕੰਧ ’ਤੇ ਲਿਖਿਆ ਪੜ੍ਹਨਾ ਪੈਣਾ। ਸੁਸ਼ਮਾ ਸਵਰਾਜ ਤੇ ਐੱਲ ਕੇ ਅਡਵਾਨੀ ਵੱਲੋਂ ਅੱਗੇ ਲਿਆਂਦੇ ਚੌਹਾਨ ਖੁਦ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦਾ ਉਮੀਦਵਾਰ ਸਮਝਦੇ ਰਹੇ ਹਨ। ਇਕ ਭਾਜਪਾ ਆਗੂ ਨੇ ਦੱਸਿਆ ਕਿ ਹੁਣ ਚੌਹਾਨ ਨੂੰ ਗਵਰਨਰੀ ਮਿਲੇਗੀ ਜਾਂ ਮਾਰਗ-ਦਰਸ਼ਕ ਮੰਡਲ ਵਿਚ ਸ਼ਾਮਲ ਹੋਣਗੇ।
ਗਡਕਰੀ ਨੂੰ ਬਾਹਰ ਕਰਨਾ ਇਸ ਕਰਕੇ ਹੈਰਾਨ ਕਰਨ ਵਾਲਾ ਨਹੀਂ, ਕਿਉਂਕਿ ਉਹ ਹਰ ਹਫਤੇ ਆਰ ਐੱਸ ਐੱਸ ਦੇ ਨਾਗਪੁਰ ਸਥਿਤ ਹੈੱਡਕੁਆਰਟਰ ਜਾਂਦੇ ਸਨ, ਜੋ ਕਿ ਕੇਂਦਰੀ ਲੀਡਰਸ਼ਿਪ ਨੂੰ ਪਸੰਦ ਨਹੀਂ। ਉਜ ਤਾਂ ਫੜਨਵੀਸ ਵੀ ਆਰ ਐੱਸ ਐੱਸ ਦੇ ਪਸੰਦੀਦਾ ਸਨ, ਪਰ ਉਨ੍ਹਾ ਮੁੱਖ ਮੰਤਰੀ ਰਹਿਣ ਤੋਂ ਬਾਅਦ ਮਹਾਰਾਸ਼ਟਰ ਦਾ ਉਪ ਮੁੱਖ ਮੰਤਰੀ ਬਣਨ ਦੀ ਕੌੜੀ ਗੋਲੀ ਨਿਗਲ ਲਈ। ਨਵੀਂਆਂ ਨਿਯੁਕਤੀਆਂ ਤੋਂ ਸਾਫ ਹੈ ਕਿ ਮੋਦੀ ਹੀ ਫੈਸਲਾ ਲੈਂਦੇ ਹਨ ਤੇ ਬਾਕੀਆਂ ਨੂੰ ਉਸ ਮੁਤਾਬਕ ਚੱਲਣਾ ਪੈਂਦਾ ਹੈ।