ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਹਾਕਮ ਜਸ਼ਨ ਮਨਾ ਰਹੇ ਹਨ। ਇਸ ਮੌਕੇ ਹਰ ਘਰ ਤਿਰੰਗਾ ਲਹਿਰਾਉਣ ਲਈ ਸਭ ਮੰਤਰੀ-ਸੰਤਰੀ ਪੱਬਾਂ ਭਾਰ ਹੋ ਗਏ ਸਨ। ਦੇਸ਼ ਅੰਮਿ੍ਰਤ ਕਾਲ ਵਿੱਚ ਪ੍ਰਵੇਸ਼ ਕਰ ਗਿਆ ਹੈ। ਇਹ ਅੰਮਿ੍ਰਤ ਕਾਲ ਕਿਹੋ ਜਿਹਾ ਹੈ, ਇਸ ਦੀਆਂ ਕੁਝ ਵੰਨਗੀਆਂ ਪੇਸ਼ ਹਨ।
ਹਰ ਘਰ ਤਿਰੰਗੇ ਦੀ ਮੁਹਿੰਮ ਜ਼ੋਰਾਂ ਉੱਤੇ ਚੱਲੀ। ਹਰਿਆਣਾ ਦੇ ਕਰਨਾਲ ਵਿੱਚ ਜਦੋਂ ਲੋਕ ਰਾਸ਼ਨ ਡਿਪੂ ’ਤੇ ਰਾਸ਼ਨ ਲੈਣ ਗਏ ਤਾਂ ਡਿਪੂ ਹੋਲਡਰ ਨੇ ਕਿਹਾ ਕਿ ਪਹਿਲਾਂ 20 ਰੁਪਏ ਦਾ ਝੰਡਾ ਖਰੀਦੋ, ਫਿਰ ਰਾਸ਼ਨ ਮਿਲੇਗਾ। ਰੁਲਦੂ ਰਾਮ ਮਜ਼ਦੂਰ ਨੇ ਕਿਹਾ-ਭਈਆ ਉਧਾਰ ਪੈਸੇ ਮੰਗ ਕੇ ਤਾਂ ਰਾਸ਼ਨ ਲੈਣ ਆਏ ਹਾਂ, 20 ਰੁਪਏ ਹੋਰ ਕਿੱਥੋਂ ਲਿਆਈਏ। ਡਿਪੂ ਵਾਲੇ ਨੇ ਤਿਰੰਗਾ ਖਰੀਦੇ ਬਿਨਾਂ ਰੁਲਦੂ ਰਾਮ ਨੂੰ ਰਾਸ਼ਨ ਨਹੀਂ ਦਿੱਤਾ। ਜਦੋਂ ਪੱਤਰਕਾਰਾਂ ਨੇ ਡਿਪੂ ਹੋਲਡਰ ਨੂੰ ਪੁੱਛਿਆ ਤਾਂ ਉਸ ਨੇ ਕਿਹਾ, ਉਪਰੋਂ ਹੁਕਮ ਹੈ ਕਿ ਬਿਨਾਂ ਝੰਡਾ ਖਰੀਦੇ ਰਾਸ਼ਨ ਨਹੀਂ ਮਿਲੇਗਾ।
ਦੇਸ਼ ਅੰਮਿ੍ਰਤ ਕਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਛੂਆਛਾਤ ਖ਼ਤਮ ਹੋ ਗਿਆ ਹੈ, ਸਾਰੇ ਨਾਗਰਿਕ ਬਰਾਬਰ ਹੋ ਗਏ ਹਨ। ਮੋਦੀ ਸਾਹਿਬ 130 ਕਰੋੜ ਭਾਰਤੀਆਂ ਨੂੰ ਏਕਤਾ ਤੇ ਇਕਜੁਟਤਾ ਦਾ ਸਬਕ ਪੜ੍ਹਾ ਰਹੇ ਹਨ। ਰਾਜਸਥਾਨ ਦੇ ਜਲੌਰ ਜ਼ਿਲ੍ਹੇ ਦੇ ਸੁਰਾਣਾ ਪਿੰਡ ਦਾ ਦੇਵਾ ਰਾਮ ਦਲਿਤ ਆਪਣੇ ਮਾਸੂਮ ਬੇਟੇ ਦਾ ਸਸਕਾਰ ਕਰਕੇ ਵਿਹੜੇ ਵਿੱਚ ਬੈਠਾ ਅੰਮਿ੍ਰਤ ਕਾਲ ਦੇ ਜਸ਼ਨਾਂ ਨੂੰ ਹੰਝੂਆਂ ਨਾਲ ਧੋ ਰਿਹਾ ਹੈ। ਉਸ ਦੇ 9 ਸਾਲ ਦੇ ਬੇਟੇ ਇੰਦਰ ਕੁਮਾਰ ਦਾ ਕਸੂਰ ਇਹ ਸੀ ਕਿ ਉਸ ਨੇ ਉੱਚ ਜਾਤੀ ਦੇ ਅਧਿਆਪਕ ਦੇ ਪਾਣੀ ਵਾਲੇ ਘੜੇ ਵਿੱਚੋਂ ਪਾਣੀ ਪੀ ਲਿਆ ਸੀ। ਇਸ ਉੱਤੇ ਅਧਿਆਪਕ ਨੇ ਬੱਚੇ ਦੀ ਏਨੀ ਬੇਰਹਿਮੀ ਨਾਲ ਕੁਟਾਈ ਕੀਤੀ ਕਿ ਉਸ ਦੀ ਕੰਨ ਹੇਠਲੀ ਨਾੜ ਫਟ ਗਈ। ਦੇਵਾ ਰਾਮ 25 ਦਿਨਾਂ ਤੱਕ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੱਕ ਭਟਕਦਾ ਰਿਹਾ, ਪਰ ਆਪਣੇ ਲਾਡਲੇ ਨੂੰ ਬਚਾਅ ਨਹੀਂ ਸਕਿਆ।
ਅੰਮਿ੍ਰਤ ਕਾਲ ਦੇ ਇਸ ਦੌਰ ਵਿੱਚ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਸਿਪਾਹੀ ਰੋ ਰਿਹਾ ਹੈ। ਉਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦਾ ਇਹ ਸਿਪਾਹੀ ਮੈੱਸ ਵਿੱਚ ਬਣੀਆਂ ਰੋਟੀਆਂ ਦਿਖਾ ਕੇ ਕਹਿ ਰਿਹਾ ਹੈ, ਅਸੀਂ 12-12 ਘੰਟੇ ਡਿਊਟੀ ਦਿੰਦੇ ਹਾਂ, ਪਰ ਭੋਜਨ ਅਜਿਹਾ ਦਿੱਤਾ ਜਾ ਰਿਹਾ ਹੈ, ਜਿਸ ਨੂੰ ਕੁੱਤੇ ਵੀ ਨਾ ਖਾਣ। ਇਸ ਸਿਪਾਹੀ ਦੀ ਫਰਿਆਦ ਸੁਣਨ ਦੀ ਬਜਾਏ ਫਿਰੋਜ਼ਾਬਾਦ ਦੇ ਪੁਲਸ ਅਧਿਕਾਰੀ ਉਸ ਨੂੰ ਮਾਨਸਿਕ ਰੋਗੀ ਸਾਬਤ ਕਰਨ ਲਈ ਆਗਰਾ ਦੇ ਮੈਂਟਲ ਹਸਪਤਾਲ ਲੈ ਗਏ ਹਨ। ਕੁਝ ਸਾਲ ਪਹਿਲਾਂ ਅਜਿਹਾ ਮਾਮਲਾ ਬੀ ਐੱਸ ਐੱਫ਼ ਦੇ ਜਵਾਨ ਤੇਜ ਬਹਾਦਰ ਨੇ ਵੀ ਉਠਾਇਆ ਸੀ, ਜਿਸ ਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ ਸੀ।
ਉਤਰ ਪ੍ਰਦੇਸ਼ ਦੇ ਹੀ ਆਜ਼ਮਗੜ੍ਹ ਵਿੱਚ ਅਜ਼ਾਦ ਭਾਰਤ ਦੇ ਇੱਕ ਜ਼ਖ਼ਮੀ ਵਿਅਕਤੀ ਨੂੰ ਐਂਬੂਲੈਂਸ ਨਹੀਂ ਮਿਲੀ ਤਾਂ ਪਰਵਾਰ ਵਾਲੇ ਉਸ ਨੂੰ ਠੇਲੇ ਉੱਤੇ ਲੱਦ ਕੇ ਸਰਕਾਰੀ ਹਸਪਤਾਲ ਲੈ ਗਏ। ਉਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ, ਪਰ ਅਜ਼ਾਦ ਭਾਰਤ ਦਾ ਨਾਗਰਿਕ ਰਾਹ ਵਿੱਚ ਹੀ ਦਮ ਤੋੜ ਗਿਆ। ਉੱਤਰ ਪ੍ਰਦੇਸ਼ ਤੋਂ ਬਾਅਦ ਭਾਜਪਾ ਸ਼ਾਸਤ ਦੂਜੇ ਰਾਜ ਮੱਧ ਪ੍ਰਦੇਸ਼ ਚਲਦੇ ਹਾਂ। ਇਹ ਮਾਮਲਾ ਸ਼ਾਹਪੁਰ ਬਲਾਕ ਦੇ ਪਿੰਡ ਜਾਮਨ ਢਾਣਾ ਦਾ ਹੈ, ਜਿੱਥੇ ਲੋਕ ਇੱਕ ਗਰਭਵਤੀ ਔਰਤ ਨੂੰ ਮੰਜੇ ਉਤੇ ਲਿਟਾ ਕੇ ਨਦੀ ਪਾਰ ਕਰਵਾਉਂਦੇ ਹਨ। ਇਹ ਲੋਕ ਪਿਛਲੇ 75 ਸਾਲ ਤੋਂ ਹਰ ਬਰਸਾਤ ਮੌਕੇ ਇਸੇ ਹਾਲਤ ਵਿੱਚੋਂ ਗੁਜ਼ਰਦੇ ਹਨ,ਪਰ ਇਨ੍ਹਾਂ ਨੂੰ ਪੁਲ ਨਸੀਬ ਨਹੀਂ ਹੋ ਸਕਿਆ।
ਅੰਮਿ੍ਰਤ ਕਾਲ ਦੇ ਅੰਮਿ੍ਰਤ ਦਾ ਘੁੱਟ ਹਰ ਨਾਗਰਿਕ ਨੂੰ ਮਿਲਣਾ ਚਾਹੀਦਾ ਹੈ, ਚਾਹੇ ਉਹ ਬਲਾਤਕਾਰੀ ਵੀ ਕਿਉਂ ਨਾ ਹੋਵੇ। ਇਸ ਲਈ ਅੰਮਿ੍ਰਤ ਕਾਲ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਗੁਜਰਾਤ ਸਰਕਾਰ ਨੇ 11 ਬਲਾਤਕਾਰੀਆਂ ਨੂੰ ਸਜ਼ਾ ਮਾਫ਼ੀ ਦੇ ਕੇ ਰਿਹਾਅ ਕਰ ਦਿੱਤਾ ਹੈ। ਇਨ੍ਹਾਂ ਬਲਾਤਕਾਰੀਆਂ ਦੇ ਜੇਲ੍ਹ ਤੋਂ ਬਾਹਰ ਆਉਣ ਉਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਆਰਤੀ ਉਤਾਰੀ ਗਈ।
ਇਨ੍ਹਾਂ ਬਲਾਤਕਾਰੀਆਂ ਨੇ 3 ਮਾਰਚ 2002 ਨੂੰ ਗੁਜਰਾਤ ਦੰਗਿਆਂ ਦੌਰਾਨ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦਾਹੋਦ ਜ਼ਿਲ੍ਹੇ ਤੋਂ ਬਿਲਕਿਸ ਬਾਨੋ ਦਾ ਪਰਵਾਰ ਸੁਰੱਖਿਅਤ ਥਾਂ ਦੀ ਤਲਾਸ਼ ਵਿੱਚ ਇੱਕ ਟਰੱਕ ਉੱਤੇ ਜਾ ਰਿਹਾ ਸੀ। ਬਲਾਤਕਾਰੀਆਂ ਨੇ ਇਸ ਟਰੱਕ ਨੂੰ ਘੇਰ ਕੇ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 21 ਸਾਲਾ ਬਿਲਕਿਸ ਬਾਨੋ ਉਸ ਸਮੇਂ ਗਰਭਵਤੀ ਸੀ। ਦਰਿੰਦਿਆਂ ਨੇ ਉਸ ਦੀ 3 ਸਾਲਾ ਬੇਟੀ ਨੂੰ ਉਸ ਦੇ ਸਾਹਮਣੇ ਮਾਰ ਦਿੱਤਾ। ਉਸ ਨਾਲ 11 ਵਿਅਕਤੀਆਂ ਨੇ ਬਲਾਤਕਾਰ ਕੀਤਾ ਤੇ ਮਰੀ ਸਮਝ ਕੇ ਛੱਡ ਗਏ। ਅਗਲੇ ਦਿਨ ਇੱਕ ਆਦਿਵਾਸੀ ਔਰਤ ਉਸ ਨੂੰ ਆਪਣੇ ਘਰ ਲੈ ਗਈ। ਲੰਮੀ ਲੜਾਈ ਤੋਂ ਬਾਅਦ ਬਿਲਕਿਸ ਬਾਨੋ ਦਰਿੰਦਿਆਂ ਨੂੰ ਸਜ਼ਾ ਦਿਵਾਉਣ ਵਿੱਚ ਕਾਮਯਾਬ ਹੋ ਗਈ। ਸਾਲਾਂ ਤੱਕ ਲੜੀ ਗਈ ਬਿਲਕਿਸ ਬਾਨੋ ਦੀ ਲੜਾਈ ਅੰਮਿ੍ਰਤ ਕਾਲ ਦੇ ਇੱਕ ਪਲ ਵਿੱਚ ਸਿਮਟ ਗਈ ਹੈ।
-ਚੰਦ ਫਤਿਹਪੁਰੀ