ਬਿਹਾਰ ਦਾ ਵਿਦਿਆਰਥੀ ਅੰਦੋਲਨ

0
213

ਬਿਹਾਰ ਦੇ ਵਿਦਿਆਰਥੀਆਂ ਦਾ ਅੰਦੋਲਨ ਕੌਮੀ ਮੀਡੀਆ ’ਚ ਭਾਵੇਂ ਸੁਰਖੀਆਂ ਨਾ ਬਣ ਰਿਹਾ ਹੋਵੇ, ਪਰ ਸੂਬੇ ’ਚ ਵੱਡਾ ਸਿਆਸੀ ਮੁੱਦਾ ਬਣ ਚੁੱਕਾ ਹੈ। ਪਹਿਲਾਂ ਅਲਾਹਾਬਾਦ ਅਤੇ ਹੁਣ ਪਟਨਾ ਤੇ ਪੂਰੇ ਬਿਹਾਰ ’ਚ ਭਾਰੀ ਦਮਨ ਦੇ ਬਾਵਜੂਦ ਵਿਦਿਆਰਥੀਆਂ-ਨੌਜਵਾਨਾਂ ਦੀ ਲਲਕਾਰ ਸਬੂਤ ਹੈ ਕਿ ਰੁਜ਼ਗਾਰ ਦਾ ਸਵਾਲ ਵਿਸਫੋਟਕ ਆਯਾਮ ਅਖਤਿਆਰ ਕਰਦਾ ਜਾ ਰਿਹਾ ਹੈ। ਕੀ ਬਿਹਾਰ ਦਾ ਵਿਦਿਆਰਥੀ ਅੰਦੋਲਨ ਜਨ-ਅੰਦੋਲਨ ਬਣੇਗਾ ਤੇ ਬਿਹਾਰ ਇੱਕ ਵਾਰ ਫਿਰ ਦੇਸ਼ ਨੂੰ ਰਾਹ ਦਿਖਾਵੇਗਾ?
ਬਿਹਾਰ ਵਿੱਚ ਐਮਰਜੈਂਸੀ ਨਾਲੋਂ ਵੀ ਵੱਡੀ ਅਣਐਲਾਨੀ ਐਮਰਜੈਂਸੀ ਹੈ। ਪ੍ਰੋਟੈੱਸਟ ਦੇ ਹਰ ਤਰੀਕੇ ’ਤੇ ਰੋਕ ਹੈ। ਗਾਂਧੀ ਦੇ ਬੁੱਤ ਦੇ ਥੱਲੇ ਜੇ ਕੋਈ ਇਨਸਾਫ ਲਈ ਸਤਿਆਗ੍ਰਹਿ ਕਰਦਾ ਹੈ ਤਾਂ ਉਸ ’ਤੇ ਵੀ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ। ਜਲੂਸ ’ਤੇ ਯਖ਼ ਰਾਤ ਨੂੰ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਾਂਦੀਆਂ ਹਨ। ਮੁਜ਼ਾਹਰਾਕਾਰੀਆਂ ਤੋਂ ਆਧਾਰ ਕਾਰਡ ਮੰਗੇ ਜਾਂਦੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪ੍ਰੋਗਰਾਮ ਤੋਂ ਪਹਿਲਾਂ ਆਗੂਆਂ ਨੂੰ ਘਰੋਂ ਚੁੱਕ ਲਿਆ ਜਾਂਦਾ ਹੈ। ਸਰਕਾਰ ਏਨੀ ਡਰੀ ਹੋਈ ਹੈ ਕਿ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਨੂੰ ਵਿਧਾਨ ਸਭਾ ਗੇਟ ਤੋਂ ਰਾਜ ਭਵਨ ਤੱਕ ਜਾਣ ਦੀ ਆਗਿਆ ਨਹੀਂ ਦਿੰਦੀ।
ਵਿਦਿਆਰਥੀ ਅੰਦੋਲਨ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀ ਪੀ ਐੱਸ ਸੀ) ਦੀ 70ਵੀਂ ਮੁਢਲੀ ਪ੍ਰੀਖਿਆ ਵਿੱਚ ਗੜਬੜੀ ਵਿਰੁੱਧ ਪੋ੍ਰਟੈੱਸਟ ਨਾਲ ਸ਼ੁਰੂ ਹੋਇਆ ਹੈ। ਪ੍ਰੀਖਿਆਰਥੀਆਂ ਦਾ ਦੋਸ਼ ਹੈ ਕਿ ਲੰਘੀ 13 ਦਸੰਬਰ ਨੂੰ ਹੋਈ ਪ੍ਰੀਖਿਆ ਦਾ ਪੇਪਰ ਲੀਕ ਹੋਇਆ। ਕਮਿਸ਼ਨ ਤੇ ਸੂਬਾ ਸਰਕਾਰ ਪਟਨਾ ਦੇ ਬਾਪੂ ਪ੍ਰੀਖਿਆ ਕੇਂਦਰ ’ਚ ਗੜਬੜੀ ਦੀ ਗੱਲ ਮੰਨਦੇ ਹਨ, ਪਰ ਸਮੁੱਚੀ ਪ੍ਰੀਖਿਆ ਨੂੰ ਰੱਦ ਕਰਨ ਲਈ ਤਿਆਰ ਨਹੀਂ। ਵਿਦਿਆਰਥੀਆਂ ਦੀ ਦਲੀਲ ਹੈ ਕਿ ਜਦ ਪਟਨਾ ਦੇ ਬਾਪੂ ਪ੍ਰੀਖਿਆ ਕੇਂਦਰ, ਜਿੱਥੇ 10 ਹਜ਼ਾਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ, ਦਾ ਪੇਪਰ ਲੀਕ ਹੋ ਗਿਆ ਤਾਂ ਸੋਸ਼ਲ ਮੀਡੀਆ ਦੇ ਜ਼ਮਾਨੇ ’ਚ ਕਿਵੇਂ ਮੰਨਿਆ ਜਾ ਸਕਦਾ ਹੈ ਕਿ ਕਿਤੇ ਹੋਰ ਨਹੀਂ ਹੋਇਆ ਹੋਵੇਗਾ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੇਪਰ ਲੀਕ ਕਾਂਡ ’ਚ ਕਰੋੜਾਂ ਦੀ ਖੇਡ ਹੋਈ ਹੈ, ਇਸੇ ਕਰਕੇ ਸਰਕਾਰ ਦੇ ਵੱਡੇ ਅਫਸਰ ਦੁਬਾਰਾ ਪ੍ਰੀਖਿਆ ਨਹੀਂ ਕਰਾਉਣੀ ਚਾਹੁੰਦੇ। ਬਿਹਾਰ ’ਚ ਵਿਦਿਆਰਥੀ ਬੇਚੈਨੀ ਦੀ ਵੱਡੀ ਵਜ੍ਹਾ ਬੇਰੁਜ਼ਗਾਰੀ ਦੀ ਗੰਭੀਰ ਹੋ ਰਹੀ ਸਮੱਸਿਆ ਹੈ। ਰੁਜ਼ਗਾਰ ਸਿਰਜਣ ਤੇ ਖਾਲੀ ਪਈਆਂ ਪੌਣੇ ਪੰਜ ਲੱਖ ਅਸਾਮੀਆਂ ਪੁਰ ਕਰਨ ਲਈ ਸਰਕਾਰ ਕੋਲ ਕੋਈ ਠੋਸ ਕਾਰਜ ਯੋਜਨਾ ਨਹੀਂ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਰਕਾਰ ਨੌਕਰੀਆਂ ਨਹੀਂ ਦੇਣਾ ਚਾਹੁੰਦੀ, ਇਸ ਕਰਕੇ ਪੇਪਰ ਲੀਕ ਕਰਵਾ ਕੇ ਪ੍ਰੀਖਿਆਵਾਂ ਟਾਲਦੀ ਰਹਿੰਦੀ ਹੈ। ਅੱਜ ਤੱਕ ਪੇਪਰ ਲੀਕ ਕਰਨ ਵਾਲਿਆਂ ਨੂੰ ਇਬਰਤਨਾਕ ਸਜ਼ਾ ਕਿਉ ਨਹੀਂ ਦਿੱਤੀ ਗਈ, ਜਿਸ ਨਾਲ ਪੇਪਰ ਲੀਕ ਮਾਫੀਆ ’ਚ ਦਹਿਸ਼ਤ ਪੈਦਾ ਹੁੰਦੀ। ਸਾਰੀ ਖੇਡ ਸ਼ਾਸਨ, ਪ੍ਰਸ਼ਾਸਨ ਦੇ ਉੱਚ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਮਿਲੀਭੁਗਤ ਨਾਲ ਚੱਲ ਰਹੀ ਹੈ। ਖੁੰਬਾਂ ਵਾਂਗ ਉਗ ਆਏ ਕੋਚਿੰਗ ਸੈਂਟਰਾਂ ਦੀ ਭੂਮਿਕਾ ਵੀ ਸ਼ੱਕੀ ਹੈ। ਨੌਕਰੀਆਂ ਤੇ ਰੁਜ਼ਗਾਰ ਦਾ ਸਵਾਲ ਬਿਹਾਰ ਦਾ ਕਿੰਨਾ ਵੱਡਾ ਮੁੱਦਾ ਹੈ, ਇਹ ਪਿਛਲੀਆਂ ਅਸੰਬਲੀ ਚੋਣਾਂ ’ਚ ਆਪੋਜ਼ੀਸ਼ਨ ਨੂੰ ਇਸ ਸਵਾਲ ’ਤੇ ਮਿਲੇ ਸਮਰਥਨ ਤੋਂ ਵੀ ਸਾਫ ਹੋ ਗਿਆ ਸੀ, ਜਦੋਂ ਨਿਤੀਸ਼ ਦੀ ਸਰਕਾਰ ਮਸਾਂ ਬਚੀ ਸੀ। ਬਿਹਾਰ ਦਾ ਵਰਤਮਾਨ ਪ੍ਰਚੰਡ ਵਿਦਿਆਰਥੀ ਅੰਦੋਲਨ ਨਵੇਂ ਸਾਲ ’ਚ ਦੇਸ਼ ਦੇ ਨੌਜਵਾਨਾਂ ਨੂੰ ਅੰਦੋਲਨ ਦੀ ਨਵੀਂ ਰਾਹ ਦਿਖਾ ਸਕਦਾ ਹੈ ਅਤੇ ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਸਕਦਾ ਹੈ।