ਨਵੀਂ ਦਿੱਲੀ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਉਲੰਪਿਕ ਖੇਡਾਂ ਵਿੱਚ ਕਾਂਸੀ ਦੇ ਦੋ ਤਮਗੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂੰ ਭਾਕਰ, ਪੈਰਾ ਉਲੰਪਿਕ ਐਥਲੀਟ ਪ੍ਰਵੀਨ ਕੁਮਾਰ ਤੇ ਮੌਜੂਦਾ ਸ਼ਤਰੰਜ ਵਿਸ਼ਵ ਚੈਂਪੀਅਨ 18 ਸਾਲਾ ਡੀ. ਗੁਕੇਸ਼ ਨੂੰ ਦੇਸ਼ ਦੇ ਸਭ ਤੋਂ ਵੱਡੇ ਖੇਡ ਸਨਮਾਨ ਮੇਜਰ ਧਿਆਨ ਚੰਦ ਖੇਲ ਰਤਨ ਨਾਲ ਸਨਮਾਨਤ ਕੀਤਾ ਜਾਵੇਗਾ।
ਹਰਮਨਪ੍ਰੀਤ ਉਸ ਟੀਮ ਦਾ ਹਿੱਸਾ ਸੀ, ਜਿਸ ਨੇ ਪੈਰਿਸ ਉਲੰਪਿਕ ’ਚ ਦੇਸ਼ ਲਈ ਕਾਂਸੀ ਤਮਗਾ ਜਿੱਤਿਆ। ਇਹ ਹਰਮਨਪ੍ਰੀਤ ਦਾ ਦੂਜਾ ਉਲੰਪਿਕ ਕਾਂਸੀ ਤਮਗਾ ਸੀ। ਪ੍ਰਵੀਨ ਨੇ ਪੈਰਿਸ ਪੈਰਾ ਉਲੰਪਿਕ ’ਚ ਪੁਰਸ਼ਾਂ ਦੀ ਟੀ-64 ਉੱਚੀ ਛਾਲ ’ਚ ਸੋਨ ਤਮਗਾ ਆਪਣੇ ਨਾਂਅ ਕੀਤਾ ਸੀ। ਟੀ-64 ਵਿੱਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦੀਆਂ ਗੋਡੇ ਤੋਂ ਹੇਠਾਂ ਇੱਕ ਜਾਂ ਦੋਨੋਂ ਲੱਤਾਂ ਨਹੀਂ ਹੁੰਦੀਆਂ ਤੇ ਪ੍ਰੋਸਥੈਟਿਕ ਲੱਤ ਨਾਲ ਦੌੜਦੇ ਹਨ। ਖੇਡ ਐਵਾਰਡਾਂ ਦੇ ਸਾਰੇ ਜੇਤੂਆਂ ਨੂੰ 17 ਜਨਵਰੀ ਨੂੰ ਹੋਣ ਵਾਲੇ ਸਮਾਗਮ ’ਚ ਰਾਸ਼ਟਰਪਤੀ ਵੱਲੋਂ ਸਨਮਾਨਤ ਕੀਤਾ ਜਾਵੇਗਾ। ਖੇਡ ਐਵਾਰਡਾਂ ਦੇ ਜੇਤੂਆਂ ਦੀ ਸੂਚੀ ਦੀ ਸਿਫਾਰਸ਼ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਵੀ ਰਾਮਾਸੁਬਰਾਮਨੀਅਨ ਦੀ ਅਗਵਾਈ ਵਾਲੀ ਅਰਜੁਨ ਪੁਰਸਕਾਰ ਕਮੇਟੀ ਨੇ ਕੀਤੀ ਸੀ ਅਤੇ ਵੀਰਵਾਰ ਐਲਾਨੇ ਗਏ ਜੇਤੂਆਂ ’ਚ ਮਨੂੰ ਭਾਕਰ ਤੇ ਗੁਕੇਸ਼ ਦੇ ਨਾਵਾਂ ਨੂੰ ਸੂਚੀ ਵਿੱਚ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਆਪਣੀਆਂ ਅਖ਼ਤਿਆਰੀ ਤਾਕਤਾਂ ਦੀ ਵਰਤੋਂ ਕਰਦਿਆਂ ਸ਼ਾਮਲ ਕੀਤਾ ਹੈ।
ਪਹਿਲਾਂ ਸਿਫਾਰਸ਼ ਕੀਤੇ ਗਏ ਐਥਲੀਟਾਂ ਦੀ ਸੂਚੀ ਵਿੱਚੋਂ ਮਨੂੰ ਭਾਕਰ ਦਾ ਨਾਂਅ ਗਾਇਬ ਹੋਣ ਕਾਰਨ ਵਿਵਾਦ ਪੈਦਾ ਹੋ ਗਿਆ ਸੀ ਅਤੇ ਇਸ ਕਾਰਨ ਖੇਡ ਮੰਤਰਾਲੇ ਨੂੰ ਨਮੋਸ਼ੀ ਝੱਲਣੀ ਪਈ ਸੀ, ਕਿਉਂਕਿ ਬਾਅਦ ਵਿਚ ਇਹ ਖੁਲਾਸਾ ਹੋਇਆ ਕਿ ਮਨੂੰ ਦਾ ਨਾਂਅ ਕਮੇਟੀ ਦੇ ਸਾਹਮਣੇ ਰੱਖਿਆ ਹੀ ਨਹੀਂ ਗਿਆ, ਪਰ ਬਾਅਦ ਵਿਚ ਮੰਤਰਾਲੇ ਦੇ ਸੂਤਰਾਂ ਨੇ ਸੰਕੇਤ ਦਿੱਤਾ ਸੀ ਕਿ ਮੰਤਰੀ ਵੱਲੋਂ ਮਨੰੂ ਅਤੇ ਗੁਕੇਸ਼ ਦੇ ਨਾਂਅ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਕਾਰਨ ਐਵਾਰਡਾਂ ਦੇ ਰਸਮੀ ਐਲਾਨ ਨੂੰ ਕੁਝ ਦਿਨਾਂ ਲਈ ਰੋਕ ਦਿੱਤਾ ਗਿਆ ਸੀ। ਸੂਚੀ ਵਿੱਚ ਚਾਰ ਖੇਲ ਰਤਨ ਜੇਤੂਆਂ ਤੋਂ ਇਲਾਵਾ 32 ਅਰਜੁਨ ਐਵਾਰਡਾਂ ਦਾ ਐਲਾਨ ਵੀ ਕੀਤਾ ਗਿਆ ਹੈ।
ਇਹ ਐਵਾਰਡ ਹਾਸਲ ਕਰਨ ਵਾਲੇ ਖਿਡਾਰੀਆਂ ਵਿੱਚ ਨਿਸ਼ਾਨੇਬਾਜ਼ੀ ਦੇ ਉਲੰਪਿਕ ਤਮਗਾ ਜੇਤੂ ਸਰਬਜੋਤ ਸਿੰਘ ਤੇ ਸਵਪਨਿਲ ਕੁਸਾਲੇ ਦੇ ਨਾਲ ਹੀ ਕੁਸ਼ਤੀ ’ਚ ਕਾਂਸੀ ਦਾ ਤਮਗਾ ਜੇਤੂ ਅਮਨ ਸਹਿਰਾਵਤ ਵੀ ਸ਼ਾਮਲ ਹਨ। ਇਸੇ ਤਰ੍ਹਾਂ 2023 ਮਹਿਲਾ ਵਿਸ਼ਵ ਮੁੱਕੇਬਾਜ਼ੀ ਸੋਨ ਤਮਗਾ ਜੇਤੂ ਸਵੀਟੀ ਬੂਰਾ, ਜੈਵਲਿਨ ਸਟਾਰ ਅਨੂੰ ਰਾਣੀ, ਹਾਕੀ ਖਿਡਾਰਨ ਸਲੀਮਾ ਟੇਟੇ ਅਤੇ ਟਰੈਕ ਐਂਡ ਫੀਲਡ ਸਟਾਰ ਜੋਤੀ ਯਾਰਾਜੀ ਦੇ ਨਾਂਅ ਵੀ ਅਰਜੁਨ ਐਵਾਰਡੀ ਸੂਚੀ ’ਚ ਸ਼ਾਮਲ ਹਨ।