ਸੋਲਨ : ਹਿਮਾਚਲ ’ਚ ਨੈਸ਼ਨਲ ਹਾਈਵੇਅ-5 ’ਤੇ ਸੋਲਨ-ਕੰਡਾਘਾਟ ਪੱਟੀ ਦੇ ਸਲੋਗਰਾ ਨੇੜੇ ਮਹਿਰਾਬਦਾਰ ਪੁਲ ਦੀ ਉਸਾਰੀ ਛੇਤੀ ਮੁੜ ਸ਼ੁਰੂ ਹੋਵੇਗੀ, ਕਿਉਕਿ ਟੈਕਨੀਕਲ ਮਾਹਰਾਂ ਦੀ ਟੀਮ ਨੇ ਇਸ ਨੂੰ ਪਾਸ ਕਰ ਦਿੱਤਾ ਹੈ। ਐੱਨ ਐੱਚ-5 ਨੂੰ ਚਾਰ ਮਾਰਗੀ ਬਣਾਉਣ ਦੇ ਚੱਲ ਰਹੇ ਪ੍ਰੋਜੈਕਟ ’ਤੇ ਪਰਵਾਣੂ-ਸੋਲਨ-ਕੈਥਲੀਘਾਟ ਪੱਟੀ ’ਤੇ 120 ਮੀਟਰ ਲੰਬਾ ਇਹ ਤੀਜਾ ਡਾਟਦਾਰ ਪੁਲ ਹੈ, ਜਿਸ ਦਾ ਕੰਮ ਕੁਝ ਮਹੀਨੇ ਪਹਿਲਾਂ ਰੋਕ ਦਿੱਤਾ ਗਿਆ ਸੀ। ਨੈਸ਼ਨਲ ਹਾਈਵੇਜ਼ ਅਥਾਰਟੀ ਆਫ ਇੰਡੀਆ (ਐੱਨ ਐੱਚ ਏ ਆਈ) ਏ ਆਰ ਆਈ ਐੱਫ ਇੰਜੀਨੀਅਰਜ਼ ਰਾਹੀਂ ਇਹ ਕੰਮ ਕਰਵਾ ਰਹੀ ਹੈ। ਐੱਨ ਐੱਚ ਏ ਆਈ ਦੇ ਪ੍ਰੋਜੈਕਟ ਡਾਇਰੈਕਟਰ ਆਨੰਦ ਦਾਹੀਆ ਨੇ ਦੱਸਿਆ ਹੈ ਕਿ ਇਸ ਪੁਲ ਦੇ ਦੋ ਸਰਕੂਲਰ ਥੰਮ੍ਹ ਖਾਸ ਤੌਰ ’ਤੇ 40 ਮੀਟਰ ਉੱਚੇ ਹਨ, ਇਸ ਕਰਕੇ ਮਾਹਰਾਂ ਦੀ ਰਾਇ ਲਈ ਗਈ ਸੀ। ਹਾਲਾਂਕਿ ਪਰਵਾਣੂ ਵਿੱਚ ਟੀ ਟੀ ਆਰ ਨੇੜੇ 30-35 ਮੀਟਰ ਦੇ ਥੰਮ੍ਹ ਬਣਾਏ ਗਏ ਹਨ, ਪਰ ਇਸ ਪੁਲ ਦੀ ਉਚਾਈ 40 ਮੀਟਰ ਹੈ। ਪ੍ਰਾਚੀਨ ਸ਼ਿਵ ਮੰਦਰ ਕਰਕੇ ਇਸ ਲਈ ਢੁੱਕਵੀਂ ਥਾਂ ਐਕੁਆਇਰ ਨਹੀਂ ਕੀਤੀ ਜਾ ਸਕੀ, ਇਸ ਕਰਕੇ ਦੋ ਸਰਕੂਲਰ ਥੰਮ੍ਹ ਖੜ੍ਹੇ ਕਰਨੇ ਪੈਣੇ ਹਨ। ਦਾਹੀਆ ਨੇ ਕਿਹਾ ਕਿ ਸ਼ਿਮਲਾ ਤੋਂ ਚੰਡੀਗੜ੍ਹ ਆਉਣ ਵਾਲੀਆਂ ਗੱਡੀਆਂ ਇਸ ਪੁਲ ਤੋਂ ਲੰਘਣਗੀਆਂ, ਜਦਕਿ ਚੰਡੀਗੜ੍ਹ ਤੋਂ ਸ਼ਿਮਲਾ ਵੱਲ ਜਾਣ ਵਾਲੀਆਂ ਪੁਰਾਣੇ ਪੁਲ ਤੋਂ ਲੰਘਣਗੀਆਂ, ਜਿਸ ਦੀ ਹਾਲਤ ਪੁਲ ਬਣਨ ਤੋਂ ਬਾਅਦ ਸੁਧਰ ਜਾਵੇਗੀ। ਸਟੀਲ ਦਾ ਪੁਲ ਛੇ ਤੋਂ ਅੱਠ ਮਹੀਨਿਆਂ ’ਚ ਬਣ ਜਾਵੇਗਾ।