ਸਿਡਨੀ : ਪੰਜਵੇਂ ਤੇ ਆਖਰੀ ਟੈਸਟ ਕਿ੍ਰਕਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਇਕ ਵਾਰ ਫੇਰ ਆਸਟਰੇਲੀਆਈ ਗੇਂਦਬਾਜ਼ਾਂ ਦਾ ਦਬਦਬਾ ਬਰਕਰਾਰ ਰਿਹਾ ਤੇ ਭਾਰਤ ਦੀ ਪਹਿਲੀ ਪਾਰੀ 185 ਦੌੜਾਂ ’ਤੇ ਸਿਮਟ ਗਈ। ਭਾਰਤ, ਜਿਸ ਦਾ ਚਾਹ ਦੇ ਸਮੇਂ ਤੱਕ ਸਕੋਰ 107/4 ਸੀ, ਨੇ ਆਖਰੀ ਸੈਸ਼ਨ ਵਿਚ 6 ਵਿਕਟਾਂ ਦੇ ਨੁਕਸਾਨ ਨਾਲ 78 ਦੌੜਾਂ ਬਣਾਈਆਂ। ਰਿਸ਼ਭ ਪੰਤ 98 ਗੇਂਦਾਂ ਉੱਤੇ 40 ਦੇ ਸਕੋਰ ਨਾਲ ਟੌਪ ਸਕੋਰਰ ਰਿਹਾ। ਰਵਿੰਦਰ ਜਡੇਜਾ ਨੇ 26, ਸ਼ੁਭਮਨ ਗਿੱਲ ਨੇ 20 ਤੇ ਵਿਰਾਟ ਕੋਹਲੀ ਨੇ 17 ਦੌੜਾਂ ਦਾ ਯੋਗਦਾਨ ਪਾਇਆ। ਪਿਛਲੇ ਮੈਚ ਵਿਚ ਸੈਂਕੜਾ ਜੜਨ ਵਾਲਾ ਨਿਤੀਸ਼ ਰੈੱਡੀ ਖਾਤਾ ਖੋਲ੍ਹਣ ਵਿੱਚ ਨਾਕਾਮ ਰਿਹਾ। ਆਸਟਰੇਲੀਆ ਲਈ ਸਕੌਟ ਬੋਲੈਂਡ ਨੇ 31 ਦੌੜਾਂ ਬਦਲੇ 4 ਵਿਕਟਾਂ ਲਈਆਂ। ਮਿਸ਼ੇਲ ਸਟਾਰਕ ਨੇ 3, ਕਪਤਾਨ ਪੈਟ ਕਮਿੰਸ ਨੇ 2 ਤੇ ਨਾਥਨ ਲਾਇਨ ਨੇ ਇਕ ਵਿਕਟ ਲਈ। ਖਰਾਬ ਲੈਅ ਨਾਲ ਜੂਝ ਰਹੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਖਿਡਾਇਆ ਨਹੀਂ ਗਿਆ। ਉਸ ਦੀ ਥਾਂ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਟੀਮ ਦੀ ਅਗਵਾਈ ਕੀਤੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਮੌਕੇ ਆਸਟਰੇਲੀਆ ਨੇ 9 ਦੌੜਾਂ ’ਤੇ ਉਸਮਾਨ ਖਵਾਜਾ (2) ਦੀ ਵਿਕਟ ਗੁਆ ਲਈ ਸੀ। ਸੈਮ ਕੋਨਸਟਾਸ 7 ਦੌੜਾਂ ਨਾਲ ਨਾਬਾਦ ਸੀ। ਬਾਰਡਰ-ਗਵਾਸਕਰ ਲੜੀ ਵਿੱਚ ਆਸਟਰੇਲੀਆ 2-1 ਨਾਲ ਅੱਗੇ ਹੈ। ਇਕ ਮੈਚ ਡਰਾਅ ਰਿਹਾ ਸੀ।




