ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਪ’ ਉੱਤੇ ਹਮਲੇ ਦੇ ਤੁਰੰਤ ਬਾਅਦ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਹਮਲਾ ਬੋਲਦਿਆਂ ਉਸਨੂੰ ਗਰੀਬਾਂ ਦੀ ਦੁਸ਼ਮਣ ਕਰਾਰ ਦਿੱਤਾ। ਉਨ੍ਹਾ ਕਿਹਾ ਕਿ ਮੋਦੀ ਨੇ 43 ਮਿੰਟਾਂ ਦੇ ਭਾਸ਼ਣ ਵਿੱਚ 39 ਮਿੰਟ ਦਿੱਲੀ ਦੇ ਲੋਕਾਂ ਤੇ ਉਨ੍ਹਾਂ ਵੱਲੋਂ ਜ਼ਬਰਦਸਤ ਫਤਵੇ ਨਾਲ ਚੁਣੀ ਸਰਕਾਰ ਨੂੰ ਗਾਲ੍ਹਾਂ ਕੱਢਣ ’ਤੇ ਲਾਏ। ਉਨ੍ਹਾ ਕਿਹਾ ਕਿ ‘ਆਪ’ ਨੇ 10 ਸਾਲਾਂ ’ਚ ਕਈ ਕੰਮ ਕੀਤੇ ਜਦਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੇ ਕੁਝ ਕੀਤਾ ਹੁੰਦਾ ਤਾਂ ਮੋਦੀ ਗਿਣਾਉਦੇ। ਉਨ੍ਹਾ ਭਾਜਪਾ ਨੂੰ ਗਰੀਬਾਂ ਦੀ ਦੁਸ਼ਮਣ ਦੱਸਦਿਆਂ ਕਿਹਾ ਕਿ ਉਸਨੇ ਦਿੱਲੀ ’ਚ ਢਾਹ-ਢੁਹਾਈ ਕਰਕੇ 2 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ। ਮੋਦੀ ਦੀ ‘ਆਪਦਾ’ ਟਾਂਚ ਦੇ ਜਵਾਬ ਵਿੱਚ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ‘ਆਪਦਾ’ ਦਾ ਸਾਹਮਣਾ ਹੈ ਕਿਉਕਿ ਉਸ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ ਤੇ ਨਾ ਹੀ ਕੋਈ ਚੋਣ ਮੁੱਦਾ। ਮੋਦੀ ਦੇ ਸ਼ੀਸ਼ ਮਹਿਲ ਬਾਰੇ ਬਿਆਨ ’ਤੇ ਕੇਜਰੀਵਾਲ ਨੇ ਕਿਹਾ ਕਿ ਉਹ ਨਿਜੀ ਹਮਲਿਆਂ ’ਚ ਦਿਲਚਸਪੀ ਨਹੀਂ ਰੱਖਦੇ।





