ਬਿਹਾਰ ’ਚ ਨੂਰਾ ਕੁਸ਼ਤੀ

0
116

ਇਨ੍ਹੀਂ ਦਿਨੀਂ ਸਾਰੇ ਦੇਸ਼ ਦੀਆਂ ਨਜ਼ਰਾਂ ਬਿਹਾਰ ਦੀ ਸਿਆਸਤ ’ਤੇ ਲੱਗੀਆਂ ਹੋਈਆਂ ਹਨ। ਬਿਹਾਰ ਅੰਦਰ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਉਂਜ ਤਾਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵੀ ਸਿਰ ਉੱਤੇ ਹਨ ਤੇ ਉੱਥੇ ਵੀ ਇੱਕ-ਦੂਜੇ ਵਿਰੁੱਧ ਤਿੱਖੇ ਸਿਆਸੀ ਤੀਰਾਂ ਦੀ ਬੁਛਾੜ ਹੋ ਰਹੀ ਹੈ, ਪਰ 40 ਲੋਕ ਸਭਾ ਸੀਟਾਂ ਵਾਲੇ ਬਿਹਾਰ ਦੀ ਅਹਿਮੀਅਤ ਦਿੱਲੀ ਤੋਂ ਕਿਤੇ ਵੱਧ ਹੈ। ਇਸ ਲਈ ਅੱਜ ਅਸੀਂ ਦਿੱਲੀ ਦੀ ਥਾਂ ਬਿਹਾਰ ਬਾਰੇ ਗੱਲ ਕਰਾਂਗੇ।
ਬਿਹਾਰ ਵਿੱਚ ਸੱਤਾਧਾਰੀ ਗੱਠਜੋੜ ਐੱਨ ਡੀ ਏ ਵਿੱਚ ਸ਼ਾਮਲ ਦੋ ਧਿਰਾਂ ਭਾਜਪਾ ਤੇ ਜੇ ਡੀ ਯੂ ਵਿਚਕਾਰ ਬਿਆਨਾਂ ਤੇ ਪੋਸਟਰਾਂ ਰਾਹੀਂ ਚੋਭਾਂ ਤੇ ਤੁੱਖਣੀਆਂ ਲਾਉਣ ਦੀ ਖੇਡ ਲਗਾਤਾਰ ਜਾਰੀ ਹੈ। ਇਨ੍ਹੀ ਦਿਨੀਂ ਜੇ ਡੀ ਯੂ ਨੇ ‘2025 ਤੋਂ 2030 ਫਿਰ ਤੋਂ ਨਿਤੀਸ਼’ ਹੈਡਿੰਗ ਵਾਲਾ ਪੋਸਟਰ ਜਾਰੀ ਕੀਤਾ ਹੈ। ਇਹ ਪੋਸਟਰ ਭਾਜਪਾ ਦੀ ਉਸ ਮੁਹਿੰਮ ਦਾ ਜਵਾਬ ਹੈ, ਜਿਸ ਰਾਹੀਂ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਕਾਬਜ਼ ਹੋਣਾ ਚਾਹੁੰਦੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਪਿਛਲੇ ਸਮੇਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਇੰਟਰਵਿਊ ਦੌਰਾਨ ਕੀਤੀ ਸੀ। ਅਮਿਤ ਸ਼ਾਹ ਨੂੰ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਕਿਸ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਤਾਂ ਉਸ ਨੇ ਕਿਹਾ ਕਿ ਇਸ ਦਾ ਫੈਸਲਾ ਭਾਜਪਾ ਦਾ ਸੰਸਦੀ ਬੋਰਡ ਕਰੇਗਾ। ਇਸ ਤੋਂ ਬਾਅਦ ਭਾਜਪਾ ਆਗੂ ਤੇ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਵਿਜੈ ਸਿਨਹਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਵਿੱਚ ਬੋਲਦਿਆਂ ਇਹ ਕਹਿ ਦਿੱਤਾ- ‘‘ਸਾਡਾ ਨਿਸ਼ਾਨਾ ਬਿਹਾਰ ਵਿੱਚ ਭਾਜਪਾ ਦੀ ਸਰਕਾਰ ਬਣਾਉਣਾ ਹੈ। ਸਾਡੀ ਅੱਗ ਤੇ ਤੜਪ ਫਿਰ ਹੀ ਸ਼ਾਂਤ ਹੋਵੇਗੀ ਜਦੋਂ ਬਿਹਾਰ ਵਿੱਚ ਸਾਡੀ ਸਰਕਾਰ ਹੋਵੇਗੀ। ਬਿਹਾਰ ਵਿੱਚ ਭਾਜਪਾ ਦੀ ਆਪਣੀ ਸਰਕਾਰ ਬਣਾ ਕੇ ਹੀ ਅਟਲ ਬਿਹਾਰੀ ਵਾਜਪਾਈ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕਦੀ ਹੈ।’’
ਇਨ੍ਹਾਂ ਬਿਆਨਾਂ ਕਾਰਨ ਹੀ ਨਿਤੀਸ਼ ਕੁਮਾਰ ਨੇ ਭਾਜਪਾ ਆਗੂਆਂ ਤੋਂ ਦੂਰੀ ਬਣਾ ਕੇ ਆਪਣੀ ਨਰਾਜ਼ਗੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਸੀ। ਅੰਬੇਡਕਰ ਮੁੱਦੇ ਉੱਤੇ ਜਦੋਂ ਅਮਿਤ ਸ਼ਾਹ ਬੁਰੀ ਤਰ੍ਹਾਂ ਫਸ ਗਏ ਤੇ ਇਸ ਵਿੱਚੋਂ ਨਿਕਲਣ ਲਈ ਐੱਨ ਡੀ ਏ ਭਾਈਵਾਲਾਂ ਦੀ ਮੀਟਿੰਗ ਬੁਲਾਈ ਗਈ ਤਾਂ ਨਿਤੀਸ਼ ਕੁਮਾਰ ਉਸ ਵਿੱਚ ਸ਼ਾਮਲ ਨਹੀਂ ਸਨ ਹੋਏ। ਇਸ ਦੌਰਾਨ ਇਹ ਵੀ ਕਿਆਸ ਲਗਦੇ ਰਹੇ ਕਿ ਨਿਤੀਸ਼ ਕੁਮਾਰ ਐੱਨ ਡੀ ਏ ਛੱਡ ਕੇ ਰਾਜਦ ਦੀ ਹਮਾਇਤ ਨਾਲ ਸਰਕਾਰ ਬਣਾ ਲੈਣਗੇ। ਰਾਜਦ ਆਗੂਆਂ ਦੇ ਬਿਆਨਾਂ ਨੇ ਵੀ ਇਨ੍ਹਾਂ ਕਿਆਸ ਅਰਾਈਆਂ ਨੂੰ ਬਲ ਬਖਸ਼ਿਆ ਹੈ। ਲਾਲੂ ਪ੍ਰਸਾਦ ਨੇ ਇਹ ਕਹਿ ਕੇ ਮੁੱਦੇ ਨੂੰ ਗਰਮਾ ਦਿੱਤਾ ਕਿ, ‘‘ਨਿਤੀਸ਼ ਕੁਮਾਰ ਲਈ ਮਹਾਂਗੱਠਬੰਧਨ ਦੇ ਦਰਵਾਜ਼ੇ ਸਦਾ ਲਈ ਖੁੱਲ੍ਹੇ ਹਨ। ’’ ਇਸ ਤੋਂ ਪਹਿਲਾਂ ਰਾਜਦ ਬੁਲਾਰੇ ਭਾਈ ਬੀਰੇਂਦਰ ਨੇ ਵੀ ਅਜਿਹਾ ਬਿਆਨ ਦਿੱਤਾ ਸੀ।
ਮਹਾਗੱਠਬੰਧਨ ਦੇ ਆਗੂ ਨਿਤੀਸ਼ ਕੁਮਾਰ ਦੇ ਫਿਰ ਪਲਟੀ ਮਾਰਨ ਦੀ ਜੋ ਆਸ ਲਾਈ ਬੈਠੇ ਹਨ, ਉਹ ਉਨ੍ਹਾਂ ਦੀ ਖੁਸ਼ਫਹਿਮੀ ਹੈ। ਨਿਤੀਸ਼ ਕੁਮਾਰ ਭਾਜਪਾ ਦੇ ਚੱਕਰਵਿਊ ਵਿੱਚ ਜਿਸ ਤਰ੍ਹਾਂ ਫਸ ਚੁੱਕੇ ਹਨ, ਉਹ ਚਾਹੁੰਦੇ ਹੋਏ ਵੀ ਉਸ ਵਿੱਚੋਂ ਨਿਕਲ ਨਹੀਂ ਸਕਦੇ। ਜੇ ਡੀ ਯੂ ਦੇ ਕਾਰਜਕਾਰੀ ਪ੍ਰਧਾਨ ਸੰਜੇ ਝਾਅ ਸੰਘ ਦੇ ਸੋਇਮਸੇਵਕ ਹਨ ਤਾਂ ਸੰਸਦੀ ਗਰੁੱਪ ਦੇ ਆਗੂ ਲੱਲਨ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਗਲਬੱਚੇ ਬਣ ਚੁੱਕੇ ਹਨ। ਇਸ ਤਰ੍ਹਾਂ ਭਾਜਪਾ ਨੇ ਜੇ ਡੀ ਯੂ ਉੱਤੇ ਪੂਰੀ ਪਕੜ ਬਣਾਈ ਹੋਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਤੀਸ਼ ਕੁਮਾਰ ਬਿਹਾਰ ਦੇ ਮਹਾਂਦਲਿਤਾਂ ਤੇ ਘੱਟਗਿਣਤੀਆਂ ਦਾ ਪ੍ਰਵਾਨਤ ਆਗੂ ਹੈ। ਭਾਜਪਾ ਨੂੰ ਪਤਾ ਹੈ ਕਿ ਨਿਤੀਸ਼ ਬਿਨਾਂ ਬਿਹਾਰ ਵਿੱਚ ਉਸ ਦੀ ਬੇੜੀ ਪਾਰ ਨਹੀਂ ਲੱਗ ਸਕਦੀ। ਇਸ ਲਈ ਪੋਸਟਰ ਵਾਰ ਤੇ ਬਿਆਨਬਾਜ਼ੀ ਦੋਹਾਂ ਦਲਾਂ ਵਿਚਾਲੇ ਨੂਰਾ ਕੁਸ਼ਤੀ ਹੈ। ਦੋਵੇਂ ਧਿਰਾਂ ਦੀ ਮੁੱਖ ਲੜਾਈ ਵੱਧ ਤੋਂ ਵੱਧ ਸੀਟਾਂ ਹਾਸਲ ਕਰਨ ਦੀ ਹੈ। ਭਾਜਪਾ ਚਾਹੁੰਦੀ ਹੈ ਕਿ ਚਿਰਾਗ ਪਾਸਵਾਨ, ਉਪੇਂਦਰ ਕੁਸ਼ਵਾਹਾ ਤੇ ਮਾਂਝੀ ਦੀਆਂ ਪਾਰਟੀਆਂ ਨੂੰ ਜ਼ਿਆਦਾ ਸੀਟਾਂ ਦਿਵਾ ਕੇ ਬਾਕੀ ਅੱਧੀਆਂ-ਅੱਧੀਆਂ ਕਰ ਲਈਆਂ ਜਾਣ। ਇਸ ਤਰ੍ਹਾਂ ਉਹ ਨਿਤੀਸ਼ ਨੂੰ ਲਾਂਭੇ ਕਰਕੇ ਬਾਕੀ ਤਿੰਨਾਂ ਨਾਲ ਮਿਲ ਕੇ ਆਪਣੀ ਸਰਕਾਰ ਬਣਾ ਸਕਦੀ ਹੈ। ਇਹ ਨਿਤੀਸ਼ ਨੂੰ ਮਨਜ਼ੂਰ ਨਹੀਂ। ਪਿਛਲੀ ਵਾਰ ਵੀ ਭਾਜਪਾ ਨੂੰ ਆਪਣੇ ਕੋਟੇ ਵਿੱਚੋਂ ਚਿਰਾਗ ਨੂੰ ਸੀਟਾਂ ਦੇਣੀਆਂ ਪਈਆਂ ਸਨ। ਨਿਤੀਸ਼ ਉਸੇ ਫਾਰਮੂਲੇ ਲਈ ਲੜ ਰਹੇ ਹਨ। ਉਹ ਪਿਛਲੀ ਵਾਰ ਵਾਂਗ ਹੀ ‘ਦੋਹੀਂ’ ਹੱਥੀਂ ਲੱਡੂ ਚਾਹੁੰਦੇ ਹਨ। ਜੇ ਏਧਰੋਂ ਨਹੀਂ ਤਾਂ ਉਧਰੋਂ (ਮਹਾਂਗੱਠਬੰਧਨ ਵੱਲੋਂ), ਉਨ੍ਹਾ ਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ।
-ਚੰਦ ਫਤਿਹਪੁਰੀ