ਫਤਹਿਗੜ੍ਹ ਪੰਜਤੂਰ : ਮੋਗਾ-ਅੰਮਿ੍ਰਤਸਰ ਮੁੱਖ ਮਾਰਗ ਉੱਤੇ ਪਿੰਡ ਕੜਾਹੇ ਵਾਲਾ ਕੋਲ ਐਤਵਾਰ ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਮੋਟਰਸਾਈਕਲ ਤੇ ਕੈਂਟਰ ਦੀ ਸਿੱਧੀ ਟੱਕਰ ’ਚ ਮੋਟਰਸਾਈਕਲ ਚਾਲਕ ਨੌਜਵਾਨ ਕੰਵਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਫਤਹਿਉੱਲਾ ਸ਼ਾਹਵਾਲਾ ਦੀ ਮੌਤ ਹੋ ਗਈ, ਜੋ ਪਿੰਡ ਪੀਰ ਮੁਹੰਮਦ ਤੋਂ ਪਰਤ ਰਿਹਾ ਸੀ। ਕੈਂਟਰ ਚਾਲਕ ਫਰਾਰ ਹੋ ਗਿਆ।
ਗਲਤੀ ਕਾਰਨ ਲਾਲੂ ਨਾਲ ਰਲਦਾ ਰਿਹਾ : ਨਿਤੀਸ਼
ਪਟਨਾ : ਰਾਜਦ ਦੇ ਆਗੂ ਲਾਲੂ ਪ੍ਰਸਾਦ ਯਾਦਵ ਵੱਲੋਂ ਮੁੜ ਇਕੱਠੇ ਹੋਣ ਦੀ ਦਿੱਤੀ ਪੇਸ਼ਕਸ਼ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਬੀਤੇ ਵਿਚ ‘ਗਲਤੀ’ ਨਾਲ ਵਿਰੋਧੀ ਪਾਰਟੀ ਨਾਲ ਗੱਠਜੋੜ ਦੀ ਸਾਂਝ ਪਾਉਂਦੇ ਰਹੇ ਹਨ। ਕੁਮਾਰ ਨੇ ਕਿਹਾ ਕਿ ਰਾਜਦ ਨੇ ਸੱਤਾ ਵਿਚ ਰਹਿੰਦਿਆਂ ਕੁਝ ਨਹੀਂ ਕੀਤਾ। ਚੇਤੇ ਰਹੇ ਕਿ ਲਾਲੂ ਨੇ ਕਿਹਾ ਸੀ ਕਿ ਸਾਬਕਾ ਭਾਈਵਾਲ (ਜੇ ਡੀ ਯੂ) ਲਈ ਉਨ੍ਹਾ ਦੇ ਦਰ ਅੱਜ ਵੀ ਖੁੱਲ੍ਹੇ ਹਨ। ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਨੇ ਕਿਹਾਜਿਹੜੇ ਸਾਡੇ ਤੋਂ ਪਹਿਲਾਂ ਸੱਤਾ ਵਿਚ ਸਨ, ਕੀ ਉਨ੍ਹਾਂ ਕੁਝ ਕੀਤਾ? ਲੋਕ ਦਿਨ ਛੁਪਣ ਮਗਰੋਂ ਘਰੋਂ ਨਿਕਲਣ ਤੋਂ ਡਰਦੇ ਸਨ। ਮੈਂ ਗਲਤੀ ਨਾਲ ਕਈ ਵਾਰ ਉਨ੍ਹਾਂ ਨਾਲ ਗੱਠਜੋੜ ਕੀਤਾ।
ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਲਈ ਅਸੈਂਬਲੀ ਸਾਂਝਾ ਮਤਾ ਪਾਏ : ਬਾਜਵਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਸੈਂਬਲੀ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ‘ਭਾਰਤ ਰਤਨ’ ਦੇਣ ਦੀ ਸਿਫਾਰਸ਼ ਸੰਬੰਧੀ ਪੰਜਾਬ ਅਸੈਂਬਲੀ ’ਚ ਸਾਂਝਾ ਮਤਾ ਲਿਆਂਦਾ ਜਾਵੇ। ਉਨ੍ਹਾ ਇਸ ਬਾਰੇ ਭਾਜਪਾ ਆਗੂ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਤੇ ਬਸਪਾ ਦੇ ਨਛੱਤਰ ਪਾਲ ਨੂੰ ਵੀ ਪੱਤਰ ਲਿਖਿਆ ਹੈ। ਉਨ੍ਹਾ ਕਿਹਾ ਕਿ ਸਰਬ ਪਾਰਟੀ ਵਫਦ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਮਰਹੂਮ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕਰਨੀ ਚਾਹੀਦੀ ਹੈ।




