ਛੱਤੀਸਗੜ੍ਹ ’ਚ 4 ਨਕਸਲੀ ਮਾਰੇ

0
152

ਦਾਂਤੇਵਾੜਾ : ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਚਾਰ ਨਕਸਲੀ ਮਾਰੇ ਗਏ, ਜਦੋਂਕਿ ਡਿਸਟਿ੍ਰਕਟ ਰਿਜ਼ਰਵ ਗਾਰਡ ਦਾ ਹੈੱਡ ਕਾਂਸਟੇਬਲ ਸਾਨੂ ਕਰਮ ਸ਼ਹੀਦ ਹੋ ਗਿਆ। ਮੁਕਾਬਲਾ ਸ਼ਨਿੱਚਰਵਾਰ ਸ਼ਾਮ ਨਰਾਇਣਪੁਰ ਤੇ ਦਾਂਤੇਵਾੜਾ ਦੀ ਸਰਹੱਦ ਨਾਲ ਦੱਖਣੀ ਅਬੂਜਮਾਦ ਦੇ ਜੰਗਲਾਂ ’ਚ ਹੋਇਆ। ਸੁਰੱਖਿਆ ਬਲ ਨਕਸਲੀਆਂ ਖਿਲਾਫ ਅਪਰੇਸ਼ਨ ਚਲਾ ਰਹੇ ਸੀ, ਜਦੋਂ ਨਕਸਲੀਆਂ ਵੱਲੋਂ ਕੀਤੀ ਫਾਇਰਿੰਗ ਮਗਰੋਂ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ। ਮੌਕੇ ਤੋਂ ਏ ਕੇ-47 ਰਾਈਫਲ ਤੇ ਸੈਲਫ ਲੋਡਿੰਗ ਰਾਈਫਲ ਸਣੇ ਆਟੋਮੈਟਿਕ ਹਥਿਆਰ ਮਿਲੇ। ਉਧਰ, ਮੁੱਖ ਮੰਤਰੀ ਵਿਸ਼ਣੂੰ ਦਿਓ ਸਾਈ ਨੇ ਕਿਹਾ ਕਿ ਨਕਸਲਵਾਦ ਦੀ ਅਲਾਮਤ ਨੂੰ ਖਤਮ ਕਰਨ ਲਈ ਲੜਾਈ ਜਾਰੀ ਰਹੇਗੀ।
ਹੈਲੀਕਾਪਟਰ ਹਾਦਸੇ ’ਚ ਤਿੰਨ ਜਵਾਨਾਂ ਦੀ ਮੌਤ
ਪੋਰਬੰਦਰ (ਗੁਜਰਾਤ) : ਭਾਰਤੀ ਕੋਸਟ ਗਾਰਡ ਦਾ ਹੈਲੀਕਾਪਟਰ ਐਤਵਾਰ ਦੁਪਹਿਰੇ ਗੁਜਰਾਤ ਦੇ ਪੋਰਬੰਦਰ ਵਿੱਚ ਲੈਂਡਿੰਗ ਮੌਕੇ ਹਾਦਸਾਗ੍ਰਸਤ ਹੋਣ ਨਾਲ ਅਮਲੇ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਤਿੰਨੇ ਮੈਂਬਰ ਬੁਰੀ ਤਰ੍ਹਾਂ ਝੁਲਸ ਗਏ ਸਨ ਤੇ ਉਨ੍ਹਾਂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਪੋਰਬੰਦਰ ਦੇ ਹਸਪਤਾਲ ’ਚ ਦਮ ਤੋੜ ਦਿੱਤਾ।