ਸੋਫੀ ਵਿਆਹ ’ਤੇ 21 ਹਜ਼ਾਰ ਦਾ ਇਨਾਮ

0
153

ਚੰਡੀਗੜ੍ਹ : ਬਠਿੰਡਾ ਦੇ ਬੱਲੋ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੇ ਮੰਗਲਵਾਰ ਦੱਸਿਆ ਵਿਆਹ ਸਮਾਗਮਾਂ ਵਿੱਚ ਸ਼ਰਾਬ ਨਾ ਵਰਤਾਉਣ ਅਤੇ ਡੀ ਜੇ ਸੰਗੀਤ ਨਾ ਵਜਾਉਣ ਵਾਲਿਆਂ ਨੂੰ 21,000 ਰੁਪਏ ਦੀ ਨਕਦ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾ ਦੱਸਿਆ ਕਿ ਪੰਚਾਇਤ ਨੇ ਇਸ ਬਾਰੇ ਮਤਾ ਪਾਸ ਕੀਤਾ ਹੈ। ਪੰਚਾਇਤ ਨੇ ਸਰਕਾਰ ਤੋਂ ਪਿੰਡ ਵਿੱਚ ਸਟੇਡੀਅਮ ਬਣਾਉਣ ਦੀ ਮੰਗ ਕੀਤੀ ਹੈ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾ ਸਕੇ। ਪੰਚਾਇਤ ਨੇ ਪਿੰਡ ਵਿੱਚ ਬਾਇਓ ਗੈਸ ਪਲਾਂਟ ਲਾਉਣ ਦੀ ਵੀ ਤਜਵੀਜ਼ ਰੱਖੀ ਹੈ। ਉਨ੍ਹਾ ਕਿਹਾ ਕਿ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮੁਫ਼ਤ ਬੀਜ ਵੀ ਦਿੱਤੇ ਜਾਣਗੇ।
ਸਿਮਰਨਜੀਤ ਸਿੰਘ ਮਾਨ ਘਰ ’ਚ ਨਜ਼ਰਬੰਦ
ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਵੱਲੋਂ ਸ਼ਹੀਦੀ ਸਭਾ ਮੌਕੇ ਕੀਤੀ ਗਈ ਸ਼ਹੀਦੀ ਮੀਰੀ-ਪੀਰੀ ਕਾਨਫਰੰਸ ਵਿੱਚ ਪਹੁੰਚੀਆਂ ਪੰਥਕ ਧਿਰਾਂ ਅਤੇ ਇਨਸਾਫ ਮੋਰਚੇ ਦੇ ਆਗੂਆਂ ਨੇ ਬਾਪੂ ਗੁਰਚਰਨ ਸਿੰਘ ਕਨਵੀਨਰ ਕੌਮੀ ਇਨਸਾਫ ਮੋਰਚਾ ਦੀ ਅਗਵਾਈ ਹੇਠ 7 ਜਨਵਰੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਮਾਰਚ ਕਰਨ ਦਾ ਫੈਸਲਾ ਕੀਤਾ ਸੀ। ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਸ ਨੇ ਸਵੇਰੇ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਤਲਾਣੀਆਂ ਸਥਿਤ ਘਰ ਕਿਲ੍ਹਾ ਸਰਦਾਰ ਹਰਨਾਮ ਸਿੰਘ ਨੂੰ ਘੇਰਾ ਪਾ ਕੇ ਉਨ੍ਹਾ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਖਡੂਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਘਰ ਨੂੰ ਘੇਰਾ ਪਾ ਕੇ ਉਸ ਦੇ ਪਿਤਾ ਤਰਸੇਮ ਸਿੰਘ ਨੂੰ ਵੀ ਤੜਕੇ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਹੋਰਨਾਂ ਥਾਂਵਾਂ ਤੋਂ ਵੀ ਅਜਿਹੀਆਂ ਰਿਪੋਰਟਾਂ ਮਿਲੀਆਂ ਹਨ।
ਆਸਾਰਾਮ ਨੂੰ ਅੰਤਰਮ ਜ਼ਮਾਨਤ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਮੰਗਲਵਾਰ 2013 ਦੇ ਜਬਰ-ਜ਼ਨਾਹ ਦੇ ਇੱਕ ਕੇਸ ’ਚ ਸਜ਼ਾ ਕੱਟ ਰਹੇ 86 ਸਾਲਾ ਆਸਾਰਾਮ ਨੂੰ ਮੈਡੀਕਲ ਆਧਾਰ ’ਤੇ 31 ਮਾਰਚ ਤੱਕ ਅੰਤਰਮ ਜ਼ਮਾਨਤ ਦੇ ਦਿੱਤੀ। ਜਸਟਿਸ ਐੱਮ ਐੱਮ ਸੁੰਦਰੇਸ਼ ਅਤੇ ਜਸਟਿਸ ਰਾਜੇਸ਼ ਬਿੰਦਲ ਦੀ ਬੈਂਚ ਨੇ ਆਸਾਰਾਮ ਨੂੰ ਰਿਹਾਈ ਤੋਂ ਬਾਅਦ ਆਪਣੇ ਪੈਰੋਕਾਰਾਂ ਨੂੰ ਨਾ ਮਿਲਣ ਦਾ ਨਿਰਦੇਸ਼ ਦਿੱਤਾ। ਇੱਕ ਔਰਤ, ਜੋ ਗਾਂਧੀਨਗਰ ਨੇੜੇ ਆਸਾਰਾਮ ਦੇ ਆਸ਼ਰਮ ’ਚ ਰਹਿੰਦੀ ਸੀ, ਵੱਲੋਂ 2013 ਵਿੱਚ ਦਾਇਰ ਕੀਤੇ ਕੇਸ ਵਿਚ ਹੇਠਲੀ ਅਦਾਲਤ ਨੇ ਜਨਵਰੀ 2023 ’ਚ ਆਸਾਰਾਮ ਨੂੰ ਦੋਸ਼ੀ ਠਹਿਰਾਇਆ ਸੀ। ਉਹ ਬਲਾਤਕਾਰ ਦੇ ਇੱਕ ਹੋਰ ਮਾਮਲੇ ’ਚ ਰਾਜਸਥਾਨ ਦੀ ਜੋਧਪੁਰ ਜੇਲ੍ਹ ’ਚ ਬੰਦ ਹੈ।