ਮੁੰਬਈ : ਵਧੇ ਖਤਰੇ ਦੇ ਮੱਦੇਨਜ਼ਰ ਸਲਮਾਨ ਖਾਨ ਦੇ ਬਾਂਦਰਾ ਸਥਿਤ ਗਲੈਕਸੀ ਅਪਾਰਟਮੈਂਟ ਦੀ ਬਾਲਕਨੀ ਨੂੰ ਬੁਲੇਟ ਪਰੂਫ ਕਰ ਦਿੱਤਾ ਗਿਆ ਹੈ। ਮਾਡਰਨ ਸਕਿਉਰਟੀ ਸਿਸਟਮ ਤੇ ਹਾਈ-ਰੈਜ਼ੋਲੂਸ਼ਨ ਵਾਲੇ ਸੀ ਸੀ ਟੀ ਵੀ ਕੈਮਰੇ ਲਾਏ ਗਏ ਹਨ। ਬੀਤੇ ਸਾਲ 14 ਅਪ੍ਰੈਲ ਨੂੰ ਦੋ ਬਾਈਕ ਸਵਾਰ ਅਪਾਰਟਮੈਂਟ ਵੱਲ ਚਾਰ ਗੋਲੀਆਂ ਚਲਾ ਕੇ ਭੱਜ ਗਏ ਸਨ। ਲਾਰੈਂਸ ਬਿਸ਼ਨੋਈ ਦਾ ਗੈਂਗ ਸਲਮਾਨ ਨੂੰ ਕਈ ਵਾਰ ਧਮਕਾ ਚੁੱਕਾ ਹੈ।
ਬਹਾਦਰ ਸਿੰਘ ਸੱਗੂ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਨਵੇਂ ਪ੍ਰਧਾਨ
ਜਲੰਧਰ : ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਸਾਬਕਾ ਸ਼ਾਟ-ਪੁੱਟ ਖਿਡਾਰੀ ਬਹਾਦਰ ਸਿੰਘ ਸੱਗੂ ਮੰਗਲਵਾਰ ਨੂੰ ਬਿਨਾਂ ਮੁਕਾਬਲਾ ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਚੁਣੇ ਗਏ। ਸੱਗੂ (51), ਜੋ ਪਹਿਲਾਂ ਪੀ ਏ ਪੀ ਜਲੰਧਰ ਵਿਖੇ ਖੇਡ ਸਕੱਤਰ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਪਠਾਨਕੋਟ ਵਿੱਚ ਚੌਥੀ ਆਈ ਆਰ ਬੀ ’ਚ ਕਮਾਂਡੈਂਟ ਵਜੋਂ ਤਾਇਨਾਤ ਹਨ। ਉਨ੍ਹਾ ਦੀ ਚੋਣ ਦੋ ਸਾਲ ਦੀ ਮਿਆਦ ਲਈ ਕੀਤੀ ਗਈ ਹੈ। ਪਹਿਲਾਂ ਉਹ ਏ ਐੱਫ ਆਈ ਐਥਲੀਟ ਕਮਿਸ਼ਨ ਦੇ ਮੈਂਬਰ ਹਨ। ਇਸ ਚੋਣ ਲਈ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਅਤੇ ਆਪਣੇ ਸਮੇਂ ਦੀ ਨਾਮੀ ਅਥਲੀਟ ਅੰਜੂ ਬੌਬੀ ਜਾਰਜ ਵੱਲੋਂ ਚੋਣ ਮੈਦਾਨ ਤੋਂ ਲਾਂਭੇ ਹਟ ਜਾਣ ਤੋਂ ਬਾਅਦ ਸੱਗੂ ਚੋਣ ਮੈਦਾਨ ਵਿੱਚ ਬਚੇ ਇਕਲੌਤੇ ਉਮੀਦਵਾਰ ਸਨ। ਪਿਛਲੇ ਸਾਲਾਂ ਵਾਂਗ ਹੀ ਬਾਕੀ ਅਹੁਦਿਆਂ ਲਈ ਚੋਣ ਨਹੀਂ ਹੋਈ। ਦਿੱਲੀ ਇਕਾਈ ਦੇ ਸੀਨੀਅਰ ਅਧਿਕਾਰੀ ਸੰਦੀਪ ਮਹਿਤਾ ਨੂੰ ਸਕੱਤਰ ਵਜੋਂ ਬਿਨਾਂ ਮੁਕਾਬਲਾ ਚੁਣਿਆ ਗਿਆ। ਉਹ ਪਹਿਲਾਂ ਸੀਨੀਅਰ ਜਾਇੰਟ ਸਕੱਤਰ ਸਨ। ਸਟੈਨਲੀ ਜੋਨਜ਼ ਨੂੰ ਖਜ਼ਾਨਚੀ ਬਣਾਇਆ ਗਿਆ ਹੈ।
ਬੱਸ ਹੜਤਾਲ ਖਤਮ
ਪਟਿਆਲਾ (ਰਾਜਿੰਦਰ ਸਿੰਘ ਥਿੰਦ)-ਪੀ ਆਰ ਟੀ ਸੀ, ਪੰਜਾਬ ਰੋਡਵੇਜ਼ ਅਤੇ ਪਨਬਸ ਕੰਟਰੈਕਟ ਯੂਨੀਅਨ ਵੱਲੋਂ ਸੋਮਵਾਰ ਤੋਂ ਸ਼ੁਰੂ ਕੀਤੀ ਗਈ ਤਿੰਨ ਰੋਜ਼ਾ ਸੂਬਾਈ ਹੜਤਾਲ ਦੂਜੇ ਦਿਨ ਮੰਗਲਵਾਰ ਨੂੰ ਵੀ ਜਾਰੀ ਰਹੀ, ਪਰ ਮੁੱਖ ਮੰਤਰੀ ਵੱਲੋਂ 15 ਜਨਵਰੀ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਯੂਨੀਅਨ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ। ਭਲਕੇ 8 ਜਨਵਰੀ ਤੋਂ ਬੱਸ ਸੇਵਾ ਆਮ ਵਾਂਗ ਚਾਲੂ ਹੋ ਜਾਵੇਗੀ।




